ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/236

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਦਾ ਦਿਮਾਗ਼ ਅੱਖਰਾਂ ਦੇ ਚਾਨਣ ਤੋਂ ਵਿਰਵਾ ਹੈ, ਕਦੇ ਗੀਤ 'ਤੇ ਕਹਾਣੀਆਂ ਪੜ੍ਹ ਕੇ ਖ਼ੁਸ਼ੀਆਂ ਨਾਲ ਖੀਵਾ ਨਹੀਂ ਹੋਇਆ। ਰੋਜ਼ ਅਖ਼ਬਾਰਾਂ ਵੇਚਣ ਲਈ ਉਚੀਆਂ ਵਾਜਾਂ ਮਾਰ ਮਾਰ ਕੇ ਓਹਦੀ ਵਾਜ ਉਹਦੀ ਉਮਰ ਨਾਲੋਂ ਕਿਤੇ ਭਾਰੀ ਤੇ ਖਰ੍ਹਵੀ ਹੋ ਗਈ ਹੈ। ਓਹਦੇ ਮੂੰਹ ਤੇ ਬਚਪਨ ਨਹੀਂ ਰਿਹਾ - ਪਰ ਓਹਦਾ ਕਦ ਕਾਠ ਸਦਾ ਬਚਿਆਂ ਵਰਗਾ ਹੀ ਰਹੇਗਾ, ਤੇ ਤੀਵੀਂ ਪਨ ਦਾ ਨਿਖਾਰ ਓਹਨੂੰ ਕਦੇ ਨਸੀਬ ਨਹੀਂ ਹੋਣ ਲਗਾ।

.. .. ਤੇ ਓਹ ਸੀ ਇਕ ਬਿਹਾਰੀ ਮੰਡਾ - ਰਾਮੂ! ਕਲਕਤੇ ਦੇ ਇਕ ਚੌਰਾਹੇ ਤੇ ਓਹਨੇ ਮੇਰੇ ਬੂਟ ਪਾਲਸ਼ ਕੀਤੇ ਸਨ। ਅਜਿਹੇ ਮੰਡਿਆਂ ਦੀ ਓਥੇ ਹਰ ਚੌਰਾਹ ਤੇ ਇਕ ਭੀੜ ਜਹੀ ਲਗੀ ਹੁੰਦੀ ਸੀ, ਤੇ ਕਿੰਨੇ ਹੀ ਚੌਰਾਹੇ ਸਨ ਇਸ ਸ਼ਹਿਰ ਵਿਚ। ਇਹਨਾਂ ਸਭ ਮੁੰਡਿਆਂ ਲਈ ਜ਼ਿੰਦਗੀ ਮੈਲੇ ਬੂਟ ਤਕ ਸੁੰਗੜ ਕੇ ਰਹਿ ਗਈ ਸੀ। ਇਹਨਾਂ ਦੀ ਜ਼ਿੰਦਗੀ ਵਿਚ ਫੁਲ ਕੋਈ ਨਹੀਂ ਸੀ, ਖੇਡ ਤੇ ਖਿਡੌਣਾ ਕੋਈ ਨਹੀਂ, ਮਾਂ ਦੀ ਹਿਕ ਕੋਈ ਨਹੀਂ, ਭੈਣ ਦਾ ਪਿਆਰ ਤੇ ਵੀਰ ਦੀ ਯਾਰੀ ਕੋਈ ਨਹੀਂ। ਭੀੜਾਂ ਲੰਘ ਲੰਘ ਜਾਂਦੀਆਂ ਸਨ ਤੇ ਇਹ ਕੁਝ ਵੀ ਲਤਾਂ ਤੋਂ ਉਤਾਂਹ ਨ ਤਕਦੇ ਸਿਰਫ਼ ਬੂਟ ਤਕ ਦੇ, ਮੈਲਾ ਤਕ ਕੇ ਵਾਜਾਂ ਮਾਰਦੇ, ਤੇ ਆਪਣੀ ਕਿਸਮਤ ਉਡੀਕਦੇ।

ਬੂਟ ਪਾਲਸ਼ ਕਰਦਿਆਂ ਜਿਵੇਂ ਰਾਮੂ ਟੁਟੇ ਹੋਏ ਦੰਦ-ਬੁਰਸ਼ ਨਾਲ ਪਾਲਸ਼ ਦੇ ਡੋਬੋ ਲਾਂਦਾ ਸੀ, ਜਿਵੇ ਲਿਸ਼ਕਣ ਲਈ ਕਪੜਾ ਰਗੜਦਾ ਸੀ, ਓਸ ਤੋਂ ਸਰਮਾਏਦਾਰੇ ਸ਼ਹਿਰ ਦੀ ਜ਼ਿੰਦਗੀ ਦੀ ਮਸ਼ੀਨੀ ਤੇਜ਼ੀ ਉਘੜਦੀ ਸੀ। ਪਰ ਫੇਰ ਵੀ ਓਹਦੀ ਅਦਾ ਵਿਚ ਇਕ ਹੋਰ ਸੀ, ਕੈਦ ਕੰਡੀ ਖੇਡ ਸੀ, ਇਕ ਬੰਦੀ ਨਾਚ ਦੀ ਤਾਲ

੨੫੧