ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/237

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ, ਜਿਵੇਂ ਹੁਨਰ, ਖੇਡ, ਨਾਚ, ਸਭ ਕਾਸੇ ਨੂੰ ਪੈਸੇ ਦੀ ਬਾਦਸ਼ਾਹੀ ਨੇ ਇਕ ਬੂਟ ਵਿਚ ਕੀਲ ਛਡਿਆ ਸੀ ਤੇ ਉਤੇ ਕਾਨੂੰਨ ਦੇ ਤਸਮੇ ਬੰਨ੍ਹ ਦਿਤੇ ਸਨ।

ਅਜਿਹੇ ਬਚਿਆਂ ਦੀ ਇਕ ਫੌਜ ਮੇਰੇ ਮਗਰ ਆ ਰਹੀ ਸੀ। ਓਹ, ਜਿਹੜਾ ਲੁਧਿਆਣੇ ਰਾਤ ਦੋ ਵਜੇ ਮੈਨੂੰ ਰਿਕਸ਼ਾ ਚਲਾਂਦਾ ਮਿਲਿਆ ਸੀ। ਓਹਦੇ ਪੈਰ ਪੈਡਲਾਂ ਤਕ ਨਹੀਂ ਸਨ ਅਪੜਦੇ ਤੇ ਉਹਨੂੰ ਵਾਰੀ ਵਾਰੀ ਨਿਉਣਾ ਪੈਂਦਾ ਸੀ। ਉਹਨੇ ਹਸਕੇ ਓਦੋਂ ਕਿਹਾ ਸੀ, "ਪਤਾ ਨਹੀਂ ਕਿਨੂੰ ਸੁਝੀ ਏ - ਸ਼ੁਮੰਤਰ ਕਰਕੇ ਬੰਦਿਆਂ ਨੂੰ ਖੋਤੇ ਬਣਾ ਸੜਕਾਂ ਤੇ ਖਿਲਾਰ ਸੁਟਿਆ ਏ, ਜਾਓ ਬਚੂ, ਰਿਕਸ਼ਾ ਅਗੇ ਜੁਪੋ।" ਤੇ ਹੋਰ ਕਈ ਸਨ ਸਿਲ੍ਹੀਆਂ ਹਨੇਰੀਆਂ ਕੋਠੜੀਆਂ ਵਿਚ ਚਿੜੀਆਂ ਗੇਂਦ ਬਣਾਂਦੇ,ਬਟਨ ਬਣਾਂਦੇ ਬੀੜੀਆਂ ਬਣਾਂਦੇ; ਮੂੰਹ ਤੇ ਸ਼ਾਹੀ, ਹਥ ਵਿਚ ਫੜੀ ਰੋਟੀ ਦੀ ਡਬੀ ਉਤੇ ਸ਼ਾਹੀ, ਛਾਪੇ-ਖ਼ਾਨੇ ਵਿਚੋਂ ਟਾਈਪ ਫੈਂ ਕਦੇ ਨਿਕਲਦੇ...

ਪਰ ਇਹ ਤਾਂ ਮੇਰਾ ਖਹਿੜਾ ਈ ਨਹੀਂ ਸੀ ਛਡ ਰਿਹਾ - ਅਗਾਂਹ ਵਧਦਾ ਈ ਆ ਰਿਹਾ ਸੀ। ਤੇ ਮੈਂ ਹੁਣ ਵੀ ਤ੍ਰਭਕ ਪਿਆ ਸਾਂ ਮਤੇ ਇਹਦੇ ਨਾਲ ਗਲਾਂ ਕਰਦਿਆਂ ਮੈਨੂੰ ਕੋਈ ਵੇਖ ਲਏ। ਐਨ ਉਹੋ ਜਿਹਾ ਡਰ, ਜਿਹੋ ਜਿਹਾ ਮੈਨੂੰ ਓਦੋਂ ਕਾਂਬਾ ਛੇੜ ਗਿਆ ਸੀ ਜਦੋਂ ਉਹ ਮੈਨੂੰ ਰਾਤੀ ਦਸ ਵਜੇ ਕਲਕਤੇ ਚੌਰੰਘੀ ਵਿਚ ਮਿਲਿਆ ਸੀ।

"ਸਾਹਿਬ....", ਉਹਨੇ ਪਿਛੋਂ ਵਾਜ ਮਾਰੀ ਸੀ।

ਮੈਂ ਹੈਰਾਨ ਸਾਂ, ਚੌਦਾਂ ਕੁ ਵਰਿਆਂ ਦਾ ਇਕ ਮੁੰਡਾ, ਲਿਸ਼ਕਦੇ ਸੰਵਰੇ ਪਟਿਆਂ ਵਾਲਾ, ਮੈਨੂੰ ਕਿਉਂ ਬੁਲਾ ਰਿਹਾ ਸੀ।

"ਸਾਹਿਬ...."

੨੫੨