ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਕੀਰ ਜੇ ਮਿਲੇ ਤਾਂ ਉਸ ਦੀ ਸ਼ਕਤੀ ਨਾਲ ਅਰਾਮ ਆ ਸਕਦਾ ਹੈ।' ਨਵਾਬ ਨੇ ਕਿਹਾ: 'ਕਾਮਲ ਫ਼ਕੀਰ ਕਿਥੋਂ ਲਭਾਂ?' ਤਾਂ ਉਸ ਨੇ ਕਿਹਾ 'ਪੰਜਾਂ ਦਸਾਂ ਫ਼ਕੀਰਾਂ ਦੇ ਨਾਮ ਤਾਂ ਮੈਂ ਦਸਦਾ ਹਾਂ, ਸਭਨਾਂ ਨੂੰ ਪਕੜ ਮੰਗਾਓ, ਤੇ ਬੰਦੀ ਵਿਚ ਰਖੋ, ਜਿੰਨਾ ਚਿਰ ਕਿ ਰਾਜ਼ੀ ਨਾ ਕਰ ਦੇਣ, ਛਡੋ ਨਾ। ਉਨ੍ਹਾਂ ਵਿਚ ਜੇ ਕੋਈ ਕਾਮਲ ਹੋਇਆ ਤਾਂ ਅਸਰ ਹੋ ਜਾਏਗਾ, ਨਹੀਂ ਤਾਂ ਇਹ ਪਰਜਾ ਨੂੰ ਲੁਟ ਕੇ ਖਾ ਗਏ ਹਨ ਕਿ ਅਸੀਂ ਰਬ ਦੇ ਨਿਕਟ ਵਰਤੀ ਹਾਂ, ਪਰਜਾ ਤਾਂ ਇਹਨਾਂ ਤੋਂ ਛੁਟਕਾਰਾ ਪਵੇਗੀ'। ਨਵਾਬ ਨੇ ਇਹ ਸੁਣ ਕੇ ਆਗਿਆ ਦਿਤੀ ਕਿ ਸਾਰਿਆਂ ਨੂੰ ਲੈ ਆਓ। ਭਾਗੋ ਨੇ ਜੋ ਫਹਿਰਿਸਤ ਨਾਵਾਂ ਦੀ ਦਿਤੀ ਉਸ ਵਿਚ ਗੁਰੂ ਨਾਨਕ ਤੇ ਮਰਦਾਨੇ ਦਾ ਨਾਮ ਭੀ ਲਿਖਵਾ ਦਿਤਾ। ਥੋੜੀ ਦੇਰ ਪਿਛੋਂ ਅਹਿਦੀਏ ਟੁਰ ਪਏ ਤੇ ਦਸ ਵੀਹ ਸਾਧੂ ਨਵਾਬ ਦੇ ਡੇਰੇ ਲੈ ਆਏ। ਸ੍ਰੀ ਗੁਰੂ ਜੀ ਬਾਹਰ ਰੋੜ੍ਹੀ ਵਾਲੇ ਥਾਂ ਬੈਠੇ ਸੀ, ਓਸ ਥਾਂ ਤੋਂ ਸਤਿਗੁਰੂ ਜੀ ਭੀ ਲਿਆਂਦੇ ਗਏ। ਲਾਲੋ ਸੁਣ ਕੇ ਨੱਠਾ ਤੇ ਸ੍ਰੀ ਜਗਤ ਦੇ ਚਾਨਣ ਜੀ ਨੂੰ ਬੰਦੀ ਵਿਚ ਬੈਠਾ ਵੇਖ ਕੇ ਰੋ ਪਿਆ।

ਹੇ ਜਗਤ! ਤੇਰਾ ਅੰਧਕਾਰ, ਕਿ ਤੂੰ ਕਦੇ ਵੀ ਆਪਣੇ ਸੁਖ ਦਾਤਿਆਂ ਨੂੰ ਨਾ ਸਮਝਿਆ, ਕਦੇ ਭੀ ਉਨ੍ਹਾਂ ਦਾ ਸਤਿਕਾਰ ਨਾ ਕੀਤਾ ਤੇ ਕਦੇ ਭੀ ਉਨਾਂ ਨੂੰ ਦੁਖ ਦੇਣੋ ਨਾ ਟਲਿਆ।

ਪਰ ਸ੍ਰੀ ਗੁਰੁ ਜੀ ਨੇ ਲਾਲੋ ਨੂੰ ਸੈਨਤ ਕੀਤੀ:—— ਲਾਲੋ! ਸਾਵਧਾਨ ਹੋ, ਵਾਹਿਗੁਰੂ ਜੀ ਦਾ ਚੋਜ ਹੈ!!

ਹੁਣ ਪਠਾਣ ਹਾਕਮ ਆ ਗਿਆ ਤੇ ਆਖਣ ਲਗਾ 'ਸਾਈਂ ਦੇ ਫ਼ਕੀਰੇ! ਮੇਰਾ ਪੁਤਰ ਬੀਮਾਰ ਹੈ, ਇਸ ਲਈ ਦੁਆਇ ਖੈਰ ਕਰੋ ਜੋ ਅੱਲਾ ਮੇਹਰ ਕਰੇ ਤੇ ਉਹ ਵਲ ਹੋ ਜਾਵੇ।'

ਗੁਰੂ ਜੀ—— ਕਦੇ ਕਿੱਕਰ ਨੂੰ ਅੰਗੂਰ ਲਗੇ ਹਨ?

੫੫