ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖ਼ੁਸ਼ੀ ਜ਼ਿੰਦਗੀ ਦੀ ਡੂੰਘੀ ਖਾਹਿਸ਼ ਹੈ, ਪਰ ਉਹ ਭੀ ਪਿਆਰ ਦਾ ਮਨੋਰਥ ਨਹੀਂ, ਭਾਵੇਂ ਕਈ ਲਾਸਾਨੀ ਖ਼ੁਸ਼ੀਆਂ ਪਿਆਰ ਦੇ ਰਾਹਾਂ ਉਤੇ ਪ੍ਰੇਮੀਆਂ ਦਾ ਇਸ਼ਾਰਾ ਉਡੀਕਦੀਆਂ ਰਹਿੰਦੀਆਂ ਹਨ। ਕਾਮ, ਕੁਦਰਤ ਦਾ ਬੁਨਿਆਦੀ ਜਜ਼ਬਾ, ਭੀ ਪਿਆਰ ਦਾ ਦਾਈਆ ਨਹੀਂ; ਭਾਵੇਂ ਪਿਆਰ ਦੀ ਛੁਹ ਨਾਲ ਵਿਗਸਿਆ ਕਾਮ ਪਿਆਰਿਆਂ ਦੀ ਨਜ਼ਰੇ ਕਰਮ ਲਈ ਸਹਿਕਦਾ ਰਹਿੰਦਾ ਹੈ। ਮਨੁਖਾ ਜ਼ਿੰਦਗੀ ਦਾ ਇਹ ਸ਼ਹਿਨਸ਼ਾਹ ਸਮੁਚੀ ਜ਼ਿੰਦਗੀ ਨੂੰ ਕਲਾਵੇ ਭਰਦਾ, ਹਰ ਜਜ਼ਬੇ, ਹਰ ਰੀਝ ਦਾ ਸਵਾਮੀ ਬਣਦਾ, ਆਪਣੇ ਘੇਰੇ ਤੋਂ ਬਾਹਰ ਕੁਝ ਭੀ ਰਖਣਾ ਪਰਵਾਨ ਨਹੀਂ ਕਰਦਾ —— ਪਰ ਕਾਮ, ਧਨ, ਤੇ ਰੁਤਬੇ ਵਰਗਾ ਕਿਨਾਂ ਕੁਝ ਤੋੜ ਵਾਟ ਤਕ ਕਈ ਵਾਰੀ ਅਨ-ਗੌਲਿਆ ਪਿਆ ਰਹਿੰਦਾ ਹੈ। ਤਿਆਗ ਕਾਸੇ ਦਾ ਨਹੀਂ, ਇਨਕਾਰ ਕਿਸੇ ਤੋਂ ਨਹੀਂ, ਪਰ ਜੋ ਕੁਝ ਇਹਦੀਆਂ ਉਡਾਰੀਆਂ ਨਾਲ ਨਹੀਂ ਉਡ ਸਕਿਆ ਉਹ ਅਨ ਛੁਹਿਆ ਧਰਤੀ ਤੇ ਪਿਆ ਰਿਹਾ।

ਮਨੁਖਾ ਮਨ ਦੀਆਂ ਅਨੇਕਾਂ ਹੀ ਕਲਾਂ ਹਨ, ਜਿਨ੍ਹਾਂ ਨੂੰ ਸਿਰਫ ਪਿਆਰ-ਛੁਹ ਹੀ ਜਗਾ ਸਕਦੀ ਹੈ। ਜਿਸ ਛੁਹ ਨਾਲ ਕਾਇਆਂ ਨਹੀਂ ਪਲਟੀ, ਉਹ ਛੁਹ ਪਿਆਰ ਦੀ ਨਹੀਂ। ਅਸੀਂ ਸਾਰੇ, ਸਾਧਾਰਨ, ਘਟ ਸਹਣੇ ਜਾਂ ਬੜੇ ਸੁਹਣੇ, ਵੰਨ ਸਵੰਨੇ ਰੰਗਾਂ ਦੇ ਵਲੂਸ ਹਾਂ। ਸਾਡੀ ਵੰਨ ਸਵੰਨਤਾ, ਸਾਡੀ ਵੇਤਰ ਕਾਟ, ਸਾਡੀ ਫਬਨੀ ਦਾ ਮੁਲ ਰੋਜ਼ਾਨਾ ਸਾਨੂੰ ਮਿਲਦਾ ਰਹਿੰਦਾ ਹੈ। ਕਿਸੇ ਨੂੰ ਚੰਗਾ ਕਿਸੇ ਨੂੰ ਬਹੁੰ ਚੰਗਾ, ਤੇ ਕਿਸੇ ਨੂੰ ਕੋਝਾ ਭੀ ਆਖਿਆ ਜਾਂਦਾ ਹੈ। ਪਰ ਸਾਡੇ ਹਰ ਕਿਸੇ ਦੇ ਅੰਦਰ ਬਿਜਲੀ ਦਾ ਇਕ ਨੁਕਤਾ ਹੈ। ਇਹ ਨੁਕਤਾ ਆਮ ਤੌਰ ਤੇ ਜਗਦਾ ਨਹੀਂ ਹੁੰਦਾ, ਕਿਉਂਕਿ ਇਹਨੂੰ ਕਿਸੇ ਬਿਜਲੀ-ਰੌ ਨਾਲ ਜੋੜ ਲੈਣਾ ਸਾਡੇ ਵਸ

੮੦