ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਰ ਕੁਝ ਭੀ ਨਹੀਂ।
ਪਰ ਝਾਲ ਏਸ ਖੇੜੇ ਦੀ ਬਹੁਤਾ ਚਿਰ ਕੌਣ ਝੱਲੇ! ਕੋਈ ਕੰਢਾ ਭੀ ਪਿਆਰ-ਹੜ੍ਹ ਸਾਹਮਣੇ ਪੱਕਾ ਨਹੀਂ —— ਚਟਾਨਾਂ ਇਹਨੂੰ ਥੰਮ੍ਹ ਨਹੀਂ ਸਕਦੀਆਂ। ਏਸ ਲਈ ਸਮੁੰਦਰ ਦੇ ਜਵਾਰ ਭਾਟੇ ਵਾਂਗ ਇਹ ਉਤਰਦਾ ਤੇ ਚੜ੍ਹਦਾ ਹੈ। ਅਕਲਾਂ ਵਾਲੇ ਕਈ ਸਿਆਣੇ ਚੜ੍ਹੇ ਸਾਗਰ ਦੀ ਲਹਿਰ ਬਹਿਰ ਤੇ ਉਤਰੇ ਸਾਗਰ ਦੀ ਬੇ ਰੋਣਕੀ ਨਾਲੋਂ ਕਿਸੇ ਨਿਰਮਲ ਮਿਠੀ ਝੀਲ ਦੇ ਸਦਾ ਸਾਵੇ ਕੰਢਿਆਂ ਨੂੰ ਚੰਗਾ ਮੰਨਦੇ ਹਨ, ਕਿਉਕਿ ਇਹਦੇ ਮਿਠੇ ਪਾਣੀ ਨਾ ਕੰਢਿਆਂ ਤੋਂ ਟਪਦੇ ਤੇ ਨਾ ਹੇਠਾਂ ਲਹਿ ਕੇ ਕੰਢਿਆਂ ਦਾ ਤਿਲਕਵਾਂ ਚਿੱਕੜ ਕਦੇ ਨੰਗਾ ਕਰਦੇ ਹਨ।
ਪਰ ਜਿਸ ਕਿਸੇ ਨੇ ਚਿਤ-ਚੋਰ ਦੇ ਨੈਣ-ਸਾਗਰ ਦੀ ਮਸਤੀ ਉਤੇ ਪਤਾਲੇ ਡੁਬਕਣ ਤੇ ਅਸਮਾਨੇ ਛੁਲ੍ਹਕਣ ਦਾ ਸਵਰਗ ਕਦੇ ਮਾਣਿਆ ਹੈ, ਉਹ ਮਿਠੀਆਂ ਨਿਰਮਲ ਝੀਲਾਂ ਵਿਚ ਉਮਰਾਂ ਅਡੋਲ ਤਰਦੇ ਰਹਿਣ ਨਾਲੋਂ ਕਿਸੇ ਸਾਗਰ ਦੀ ਬਰੇਤੀ ਉਤੇ ਉਮਰਾਂ ਉਡੀਕਣ ਤੇ ਸਿਰਫ਼ ਦੋ ਘੜੀਆਂ ਹਸਦੀਆਂ, ਖਿਲ੍ਹਦੀਆਂ, ਬੱਦਲਾਂ ਦੇ ਮੂੰਹ ਫ਼ੁਹਾਰਦੀਆਂ ਛਲ੍ਹਾਂ ਉਤੇ ਆਪਣਾ ਅੰਦਰ ਬਾਹਰ ਛੁਲ੍ਹਕਾ ਲੈਣ ਨੂੰ ਵਡੇਰੀ ਤਕਦੀਰ ਗਿਣਦਾ ਹੈ। ਉਹ ਇਹਨਾਂ ਦੂੰਹ ਜਾਦੂ ਭਰੀਆਂ ਘੜੀਆਂ ਨੂੰ ਉਮਰਾਂ ਬ੍ਰੇਤੀਆਂ ਉਤੇ ਬਹਿ ਕੇ ਉਡੀਕ ਸਕਦਾ ਹੈ।

ਛੋਟੀਆਂ ਖ਼ੁਸ਼ੀਆਂ ਇਕ-ਤਾਰ ਰਹਿ ਸਕਦੀਆਂ ਹਨ——ਵਡੇ ਸਵਰਗ ਤਨ ਮਨ ਨੂੰ ਕਦੇ ਕਦੇ ਜਗਮਗਾ ਜਾਂਦੇ ਹਨ। ਮੌਤ ਜਾਂ ਬੇਵਸੀ ਜੁਦਾਈ ਜਾਂ ਕਿਸੇ ਦੀ ਲਾਇਲਾਜ ਈਰਖਾ ਦਿਲਾਂ ਨਾਲੋਂ ਪਿਆਰ-ਤਾਰ ਉਖੇੜ ਦੇਂਦੀ ਤੇ ਜੀਵਨ ਫੇਰ ਬੇ-ਚੰਗਿਆੜਾ ਹੋ ਜਾਂਦਾ ਹੈ। ਪਿਆਰ-ਸ਼ਮਾਂ ਬੁੱਝ ਜਾਂਦੀ ਹੈ, ਪਰ ਕਿਨਾਂ ਕਿਨਾਂ

੮੪