ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਰੂਰ ਵੱਜੇਗੀ। ਉਹਦੀ ਪਿਆਰ-ਪੀਂਘ ਜ਼ਰੂਰ ਚੜ੍ਹੇਗੀ ਤੇ ਅਗਲਾ ਹੁਲਾਰਾ ਉਹਨੂੰ ਉਚੇਰੀ ਸਿਖਰ ਛੁਹਾ ਜਾਏਗਾ।

ਪਿਆਰ-ਲਗਨ ਬਚਪਨ ਵਿਚ ਹੀ ਆਪਣੇ ਮਾਸ਼ੂਕ ਦੇ ਬੁਨਿਆਦੀ ਨਕਸ਼ ਦਿਲ ਦੀਆਂ ਅਚੇਤ ਤੈਂਹਾਂ ਵਿਚ ਲੁਕਾ ਕੇ ਰਖ ਦੇਂਦੀ ਹੈ। ਇਹਨਾਂ ਨਕਸ਼ਾਂ ਨਾਲ ਮਿਲਦੀ ਜੁਲਦੀ ਕੋਈ ਸ਼ਖ਼ਸੀਅਤ ਜਦੋਂ ਵੀ ਸਾਡੀ ਖਿਚ ਦੇ ਘੇਰੇ ਵਿਚ ਆਉਂਦੀ ਹੈ, ਓਦੋਂ ਹੀ ਸਾਡੇ ਅੰਦਰ ਅਨੋਖੀ ਜਿਹੀ ਹਿਲ ਜੁਲ ਛਿੜਦੀ ਤੇ ਸਾਡੀਆਂ ਸਾਰੀਆਂ ਸੁਰਤੀਆਂ ਚੌਕੰਨੀਆਂ ਹੋ ਜਾਂਦੀਆਂ ਹਨ। ਤੇ ਜੇ ਇਹ ਸ਼ਖ਼ਸੀਅਤ ਕਿਸੇ ਹੋਰ ਪਿਆਰ-ਸਿਚੇ ਨਾਲ ਜੁੜੀ ਨਾ ਹੋਵੇ, ਤਾਂ ਇਕਾ ਇਕ ਦੋਹਾਂ ਦਿਲਾਂ ਵਿਚੋਂ ਤਾਰੇ ਟੁਟਦੇ ਹਨ ਤੇ ਪਿਆਰ ਰੌ ਆਰ ਪਾਰ ਫਿਰ ਜਾਂਦੀ ਹੈ। ਦੋਹਾਂ ਚੋਂ ਕੋਈ ਭੀ ਇਹ ਨਹੀਂ ਕਹਿ ਸਕਦਾ, ਕਦੋਂ ਦੂਈ ਦਾ ਪਰਦਾ ਲਹਿ ਗਿਆ, ਤੇ ਕਦੋਂ ਦੋ ਵਖਰੇ ਦਿਲ ਇਕੋ ਪਿਆਰ-ਬੈਟਰੀ ਦੇ ਸਿਰੇ ਬਣ ਕੇ ਸਾਂਝੀ ਧੜਕਣ ਵਿਚ ਇਕ ਹੋ ਗਏ। ਇਕ ਖਿਨ ਪਹਿਲਾਂ ਚੰਗੇ ਭਾਵੇਂ ਇਕ ਦੂਜੇ ਨੂੰ ਲਗਦੇ ਸਨ, ਪਰ ਕੋਈ ਗਲਾਂ ਬੁੱਲ੍ਹਾਂ ਤੇ ਆ ਕੇ ਰੁਕ ਜਾਂਦੀਆਂ ਸਨ; ਚੁਕੀਆਂ ਅਖਾਂ ਨੀਵੀਆਂ ਪੈ ਜਾਂਦੀਆਂ ਸਨ, ਛੁਹ ਸ਼ਰਮਾ ਜਾਂਦੀ ਤੇ ਪੈਰ ਲੜਖੜਾ ਪੈਂਦੇ ਸਨ।

ਆਸ਼ਕ ਦੀ ਰੂਹ ਵਿਚ ਸਮਾਏ ਮਾਸ਼ੂਕ ਦਾ ਉਹਨੂੰ ਜ਼ਿੰਦਗੀ ਦੇ ਬੇਸ਼ੁਮਾਰ ਰਸਤਿਆਂ ਤੇ ਝੌਲਾ ਪੈਂਦਾ ਹੈ, ਤੇ ਕਿਸੇ ਸੁਲਖਨੀ ਘੜੀ ਕੋਈ ਜਰਨ ਜੋਗਾ ਦਿਲ ਸਚੀ ਮੁਚੀ ਇਸ਼ਕ ਦੇ ਜਾਦੂ ਘੇਰੇ ਵਿਚ ਆ ਜਾਂਦਾ ਤੇ ਓਸੇ ਘੜੀ ਪਿਆਰ-ਖੰਡਰਾਂ ਵਿਚ ਨਵੇਂ ਸਿਰਿਓਂ ਉਸਾਰੀ ਸਰਕ ਪੈਂਦੀ ਹੈ, ਜਿਉਂ ਬਾਹਰ ਦੀ ਛੁਹ ਨਾਲ ਸੁਕੇ ਟੁੰਡਾਂ ਵਿਚੋਂ ਸ਼ਗਫੇ ਖਿੜ ਪੈਂਦੇ ਹਨ।

੮੬