ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਕਮਜ਼ੋਰ ਬਾਹਾਂ ਵਿਚੋਂ ਇਕ ਗਲਵਕੜੀ ਉਠਦੀ ਤੇ ਤੁਹਾਡੇ ਅੰਗ ਅੰਗ ਵਿਚੋਂ ਜ਼ਿੰਦਗੀ ਦੀ ਥਕਾਵਟ ਕਢ ਲੈਂਦੀ ਸੀ।

ਤੁਹਾਡੇ ਤੇ ਤੁਹਾਡੇ ਹਰ ਖ਼ਤਰੇ ਵਿਚਕਾਰ ਬਾਹਾਂ ਪਾ ਦੇਣ ਵਾਲੀ ਮਾਂ ਜਦੋਂ ਤੁਰ ਜਾਏਗੀ, ਓਦੋਂ ਤੁਸੀਂ ਉਹਨਾਂ ਬੇ-ਵਟਾਂਦਰੇ ਬੇ-ਸੰਕੋਚ ਤੇ ਬੇ-ਸ਼ਰਤ ਸ਼ੁਭ ਇਛਾਆਂ ਦੀ ਕਦਰ ਪਾ ਸਕੋਗੇ ਜਿਹੜੀਆਂ ਉਹਦੇ ਦਿਲੋਂ ਨਦੀ ਵਾਂਗ ਵਗਦੀਆਂ ਰਹਿੰਦੀਆਂ ਸਨ। ਜਿਉਣਾ ਭੀ ਇਕ ਵਾਰ ਤੇ ਮਾਂ-ਪਿਆਰ ਭੀ ਇਕੋ ਵਾਰ! ਏਸ ਪਿਆਰ ਦਾ ਸੋਮਾ ਜਦੋਂ ਸੁਕ ਗਿਆ, ਇਹੋ ਜਿਹੇ ਪਿਆਰ ਦੀ ਕੋਈ ਲਹਿਰ ਤੁਹਾਡੇ ਜੀਵਨ ਨੂੰ ਨਹੀਂ ਚੁੰਮੇਗੀ। ਹੋਰ ਸਾਰੇ ਪਿਆਰੇ ਕਮਾਏ ਜਾ ਸਕਦੇ ਹਨ, ਢੂੰਡੇ ਜਾਂ ਖ਼ਰੀਦੇ ਜਾ ਸਕਦੇ ਹਨ, ਪਰ ਮਾਂ-ਪਿਆਰ ਇਕ ਦਾਤ ਹੈ —— ਜਿਨ੍ਹਾਂ ਚਿਰ ਹੈ —— ਹੈ —— ਜਦੋਂ ਖੋਹੀ ਗਈ —— ਫੇਰ ਇਹਦਾ ਕੋਈ ਬਦਲ ਨਹੀਂ।

ਏਸ ਦਾਤ ਦਾ ਲਾਭ, ਥੋੜਾ ਜਾਂ ਬਹੁਤਾ, ਲਗ ਭਗ ਸਾਰੇ ਬੱਚੇ ਉਠਾਂਦੇ ਹਨ; ਪਰ ਇਹਦਾ ਸਵਰਗੀ ਸੁਆਦ ਉਹੀ ਬੱਚਾ ਮਾਣਦਾ ਹੈ, ਜਿਹੜਾ ਬਾਹਰ ਜਾਂਦਿਆਂ ਮਾਂ ਦੀ ਅਸੀਸ ਮੰਗਦਾ ਤੇ ਬਾਹਰੋਂ ਆਇਆਂ ਮਾਂ ਦੇ ਗਲ ਬਾਹਾਂ ਪਾਂਦਾ ਹੈ। ਉਹਦੇ ਕੋਲ ਬਹਿੰਦਾ, ਉਹਦੀਆਂ ਪਿਆਰ-ਉਮਡੀਆਂ ਅੱਖਾਂ ਵਿਚ ਤਕਦਾ ਹੈ, ਤੇ ਜਦੋਂ ਮਾਂ ਬੜੀ ਉਮੰਗ ਨਾਲ ਕਹਿੰਦੀ ਹੈ: "ਪੁਤ੍ਰ, ਕੋਈ ਚੰਗੀ ਜਿਹੀ ਗਲ ਸੁਣਾ!" ਤਾਂ ਸੋਚੀਂ ਨਹੀਂ ਪੈ ਜਾਂਦਾ ਕਿ ਪਾਲਿਟਿਕਸ ਮਾਂ ਨੇ ਸਮਝਣਾ ਨਹੀਂ, ਨਵੇਂ ਸਾਹਿਤ ਨਾਲ ਉਹਦੀ ਦਿਲਚਸਪੀ ਨਹੀਂ। ਉਸ ਨੇ ਮਾਂ ਦੀ ਦੁਨੀਆਂ ਵਿਚ ਇਕ ਉਮਰ ਬਿਤਾਈ ਹੈ —— ਏਸ ਦੁਨੀਆਂ ਦੀਆਂ ਕਈ ਸੁਹਣੀਆਂ ਯਾਦਾਂ ਹਨ, ਜਦੋਂ ਜ਼ਿੰਦਗੀ ਵਿਚ ਉਹਦੀ ਮਾਂ ਦੀ ਚੰਗੀ ਮੋਕਲੀ ਥਾਂ ਹੁੰਦੀ ਸੀ। ਕਿਸ ਤਰ੍ਹਾਂ ਮਾਂ ਨੇ ਆਪਣੇ ਸਾਰੇ ਗਹਿਣੇ ਵੇਚ ਕੇ

੯੧