ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹਨੂੰ ਕਾਲਜ ਘਲਿਆ ਸੀ। ਉਹ ਦਿਨ ਯਾਦ ਕਰਾਂਦਾ ਹੈ ਜਿਦਨ ਓਹਨੇ ਇਕ ਬੜਾ ਝੂਠ ਬੋਲਿਆ, ਤੇ ਸ਼ਰਮਿੰਦਗੀ ਦੇ ਮਾਰੇ ਮੌਤ ਪਿਆ ਮੰਗਦਾ ਸੀ —— ਪਰ ਜਦੋਂ ਹੌਸਲਾ ਕਰਕੇ ਓਹਨੇ ਆਪਣੀ ਵੇਦਨਾ ਮਾਂ ਨੂੰ ਦਸ ਦਿਤੀ ਤੇ ਮਾਂ ਨੇ ਓਹਦੇ ਝੂਠ ਨੂੰ ਅਪਣਾ ਕੇ ਸਚ ਬਣਾ ਦਿਤਾ, ਨਾ ਪਿਓ ਨੂੰ ਤੇ ਨਾ ਭਰਾਵਾਂ ਨੂੰ ਓਹਦੇ ਝੂਠ ਦਾ ਕਦੇ ਪਤਾ ਲਗਾ।

ਮਾਵਾਂ ਦੀ ਅਖ਼ੀਰਲੀ ਮੰਗ ਇਹ ਹੁੰਦੀ ਹੈ ਕਿ ਉਹ ਆਪਣੇ ਪੁਤ੍ਰਾਂ ਦੇ ਹਥਾ ਵਿਚ ਅਖ਼ੀਰਲਾ ਸੁਆਸ ਲੈਣ, ਉਹਨਾਂ ਨੂੰ ਕਿਸੇ ਆਪਣੇ ਬਚੇ ਦਾ ਦੁਖ ਨਾ ਸਹਿਣਾ ਪਵੇ। ਕੁਦਰਤੀ ਹੋਣੀ ਭੀ ਇਹੋ ਹੈ, ਕਿ ਮਾਵਾਂ ਆਪਣੇ ਬਚਿਆਂ ਤੋਂ ਪਹਿਲਾਂ ਆਪਣੀ ਜੀਵਨ-ਪੰਧ ਮੁਕਾ ਲੈਣ। ਏਸ ਲਈ ਮਾਵਾਂ ਦਾ ਓੜਕ ਵਿੱਛੜ ਜਾਣਾ ਇਹੋ ਜਿਹੀ ਅਨ-ਹੋਣੀ ਗਲ ਨਹੀਂ, ਕਿ ਇਹਨੂੰ ਅਸਹਿ ਸਦਮਾ ਸਮਝਿਆ ਜਾਏ। ਭਾਗਾਂ ਵਾਲੀਆਂ ਮਾਵਾਂ ਪੁਤ੍ਰਾਂ ਦੀ ਗੋਦ ਵਿਚ ਹੀ ਅੱਖਾਂ ਮੀਟਦੀਆਂ ਹਨ। ਪਰ ਪੁਤ੍ਰ ਜੇ ਅਮਿਟ ਹਸਰਤਾਂ ਦੇ ਕੌੜੇ ਹੰਝੂਆਂ ਤੋਂ ਬਚਣਾ ਲੋੜਦੇ ਹਨ, ਤਾਂ ਉਹ ਅਜ ਹੀ ਆਪਣੀ ਮਾਂ ਦੇ ਕੋਲ ਜਾ ਕੇ ਉਹਦੀਆਂ ਆਪਣੇ ਬਚਿਆਂ ਲਈ ਧੜਕਦੀਆਂ ਬਾਹਾਂ ਗਲ ਵਿਚ ਪਾ ਲੈਣ, ਉਹਦਾ ਚੁੰਮਣ ਆਪਣੇ ਮੱਥੇ ਤੇ ਮਹਿਸੂਸ ਕਰਨ। ਏਸ ਚੁੰਮਣ ਨਾਲੋਂ ਵਧੇਰੇ ਸੱਚਾ ਅਮਲ ਹੋਰ ਜ਼ਿੰਦਗੀ ਨੇ ਕਦੇ ਨਹੀਂ ਵੇਖਿਆ।

ਪੁਤ੍ਰ ਆਪਣੀ ਮਾਂ ਨੂੰ ਇਹ ਦੱਸਣ ਦੀ ਖ਼ੁਸ਼ੀ ਲੈਣ, ਕਿ ਉਹਨਾਂ ਨੂੰ ਆਪਣੀ ਬੇ-ਬਹਾ ਦੌਲਤ ਦੀ ਕਦਰ ਹੈ। ਇਹ ਠੀਕ ਹੈ, ਤੁਹਾਡੇ ਨੌਕਰ ਜਾਂ ਤੁਹਾਡੇ ਬਚੇ ਤੁਹਾਡੀ ਮਾਂ ਦੀ ਸੇਵਾ ਕਰਦੇ ਹਨ-ਤੁਸੀਂ ਕਿਸੇ ਨੂੰ ਮਾਂ ਦਾ ਨਿਰਾਦਰ ਨਹੀਂ ਕਰਨ ਦੇਂਦੇ। ਪਰ ਇਹ ਬਿਲਕੁਲ ਕਾਫ਼ੀ ਨਹੀਂ। ਤੁਹਾਡੀ ਮਾਂ

੯੨