ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਤੁਹਾਡਾ ਕੰਮ ਕਦੇ ਕਿਸੇ ਕੋਲੋਂ ਨਹੀਂ ਸੀ ਕਰਾਇਆ। ਉਹਨੂੰ ਇਤਬਾਰ ਹੀ ਨਹੀ ਸੀ, ਕਿ ਉਹਦੇ ਨਾਲੋਂ ਚੰਗੇਰਾ ਕੋਈ ਤੁਹਾਡਾ ਕੰਮ ਕਰ ਸਕਦਾ ਹੈ। ਜਦੋਂ ਤੁਸੀਂ ਕਹਾਣੀ ਸੁਣਨਾ ਚਾਹੁੰਦੇ ਸੋ, ਉਹਨੇ ਕਦੇ ਨਹੀਂ ਸੀ ਸੋਚਿਆ, ਉਹ ਕੀ ਸੁਣਾਵੇ। ਉਹਨੂੰ ਪਤਾ ਹੁੰਦਾ ਸੀ, ਕਿਹੜੇ ਵੇਲੇ ਤੁਹਾਨੂੰ ਕਿਹੜੀ ਕਹਾਣੀ ਚੰਗੀ ਲਗਦੀ ਹੈ।

ਤੁਹਾਡੇ ਬਚੇ ਚੰਗੇ ਹਨ, ਤੁਹਾਡੇ ਯਾਰ ਦੋਸਤ ਭੀ ਤੁਹਾਡੀ ਮਾਂ ਦਾ ਆਦਰ ਕਰਦੇ ਹਨ——ਪਰ ਭੁੱਲੋ ਨਾ ਕਿ ਇਹ ਦੁਨੀਆਂ ਤੁਹਾਡੀ ਮਾਂ ਲਈ ਦਿਨੋ ਦਿਨ ਓਪਰੀ ਹੁੰਦੀ ਜਾਂਦੀ ਹੈ——ਇਹਦੇ ਨਵੇਂ ਰਵਾਜ, ਇਹਦੇ ਨਵੇਂ ਚਾਲੇ, ਇਹਦੀਆਂ ਨਵੀਆਂ ਕਦਰਾਂ ਆਏ ਦਿਨ ਉਹਦੇ ਲਈ ਬੇ-ਪਛਾਣ ਹੁੰਦੇ ਜਾਂਦੇ ਹਨ। ਤੁਹਾਡੇ ਜਵਾਨ ਹੁੰਦੇ ਜਾਂਦੇ ਬਚੇ ਬੁਢੀ ਦਾਦੀ ਦਾ ਆਦਰ ਤਾਂ ਕਰ ਸਕਦੇ ਹਨ, ਪਰ ਉਹਦੇ ਨਾਲ ਗੱਲਾਂ ਨਹੀਂ ਕਰ ਸਕਦੇ, ਨਾ ਉਹਦੀਆਂ ਗਲਾਂ ਸ਼ੌਕ ਨਾਲ ਸੁਣ ਸਕਦੇ ਹਨ। ਸਿਰਫ ਤੁਸੀਂ ਇਕੋ ਹੀ ਸਾਰੇ ਘਰ ਵਿਚ ਮਾਂ ਦੀ ਦੁਨੀਆਂ ਦਾ ਹਿੱਸਾ ਹੋ, ਜਿਸ ਹਿੱਸੇ ਨੂੰ ਉਹ ਚੰਗੀ ਤਰ੍ਹਾਂ ਪਛਾਣਦੀ ਹੈ, ਤੇ ਇਹਨੂੰ ਇਕੱਲਿਆਂ ਮਿਲਣ ਦੀਆਂ ਘੜੀਆਂ ਉਹ ਉਡੀਕਦੀ ਰਹਿੰਦੀ ਹੈ।

ਜੇ ਤੁਸਾਂ ਉਹਦੀਆਂ ਗੱਲਾਂ ਹੁੰਗਾਰਾ ਦੇ ਕੇ ਨਾ ਸੁਣਨੀਆਂ, ਜੇ ਤੁਸਾਂ ਆਪਣੀ ਹਥੀਂ ਮਾਂ ਨੂੰ ਪੱਖਾ ਨਾ ਝਲਿਆ, ਉਹਦੇ ਬਿਸਤ੍ਰੇ ਦੇ ਵਟ ਨਾ ਕਢੇ, ਤਾ ਇਕ ਦਿਨ ਤੁਸੀਂ ਏਸ ਮੌਕੇ ਨੂੰ ਤਰਸੋਗੇ, ਮਾਂ ਦੀਆਂ ਚੀਜ਼ਾਂ ਨਾਲ ਗੱਲਾਂ ਕਰੋਗੇ, ਚੀਜ਼ਾਂ ਨੂੰ ਗਲ ਨਾਲ ਲਾਓਗੇ। ਪਰ——ਪਰ...ਮਾਂ ਹੁਣ ਤੁਹਾਡੇ ਕਾਫ਼ਲੇ ਨਾਲ ਨਹੀਂ। ਤੁਸੀਂ ਓਸ ਪਿਆਰੇ ਸ੍ਰੀਰ ਦਾ ਅਪਣੀ ਹਥੀਂ ਸਸਕਾਰ ਕਰ ਦਿੱਤਾ, ਜਿਸ ਸ੍ਰੀਰ ਵਿਚੋਂ ਤੁਹਾਡਾ ਸ੍ਰੀਰ ਪੈਦਾ ਹੋਇਆ ਸੀ। ਤੁਸੀਂ ਮਾਂ

੯੩