ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਫਲ ਦੇਵੇ।

ਹੁਣ ਤਕ ਇਸ ਮਨੋਰਥ ਦੀ ਸਿਧੀ ਲਈ ਜਿਤਨੀਆਂ ਕੋਸ਼ਸ਼ਾਂ ਕੀਤੀਆਂ ਗਈਆਂ ਹਨ ਸਾਰੀਆਂ ਨਿਸਫਲ ਰਹੀਆਂ ਹਨ। ਇਹ ਤਿੰਨ ਤਰ੍ਹਾਂ ਦੀਆਂ ਕੋਸ਼ਸ਼ਾਂ ਸਨ। ਇਕ ਤਾਂ ਮਹਾਤਮਾ ਗਾਂਧੀ ਦਾ ਜਤਨ ਸੀ, ਜੋ 'ਖ਼ਿਲਾਫ਼ਤ ਲਹਿਰ' ਦੇ ਸਮੇਂ ਤਜਵੀਜ਼ ਕੀਤਾ ਗਿਆ। ਉਹ ਇਹ ਸੀ ਕਿ ਹਿੰਦੂ ਆਪਣੇ ਮੁਸਲਮਾਣ ਭਰਾਵਾਂ ਦਾ ਦਰਦ ਵੰਡਾਣ ਤੇ ਮੁਸਲਮਾਨ ਹਿੰਦੂਆਂ ਲਈ ਕਸ਼ਟ ਸਹਿਣ। ਸਾਂਝੇ ਕਸ਼ਟ ਦੀ ਕੁਠਾਲੀ ਵਿਚ ਪੈ ਕੇ ਦੋਵੇਂ ਧਿਰਾਂ ਢਲ ਕੇ ਇਕ ਹੋ ਜਾਣਗੀਆਂ। ਇਸ ਤਜਰਬੇ ਲਈ ਇਕ ਦੋ ਗਲਾਂ ਦਾ ਹੋਣਾ ਜ਼ਰੂਰੀ ਹੈ, ਜੋ ਏਸ ਵੇਲੇ ਮੌਜੂਦ ਨਹੀਂ। ਇਕ ਤਾਂ ਅਤਿਅੰਤ ਤੀਬਰ ਇਛਾ ਹੋਵੇ ਇਕ ਦੂਏ ਨਾਲ ਭਲਾ ਕਰਨ ਦੀ, ਅਤੇ ਦੂਜੀ ਇਕ ਆਦਰਸ਼ਕ ਬ੍ਰਿਤੀ ਹੋਵੇ ਜਿਸ ਨਾਲ ਦੂਏ ਧਿਰ ਦੇ ਹਕ ਆਪਣੇ ਹਕ ਦੇ ਬਰਾਬਰ ਦਿਸਣ। ਨਾਲੇ ਇਸ ਤਜਰਬੇ ਲਈ ਜ਼ਰੂਰੀ ਹੈ ਕਿ ਇਕ ਦੂਜੇ ਲਈ ਕਸ਼ਟ ਝਲਣ ਦੇ ਮੌਕੇ ਮਿਲਦੇ ਰਹਿਣ। ਪਰ ਹੋ ਸਕਦਾ ਹੈ ਕਿ ਹਾਲਾਤ ਹੀ ਐਸੇ ਹੋਣ ਕਿ ਇਹ ਮੌਕੇ ਮਿਲਣ ਹੀ ਨਾ, ਕਿਉਂਕਿ ਇਹ ਮੌਕੇ ਬਣਾਨਾ ਕਿਸੇ ਤੀਜੀ ਧਿਰ ਦੇ ਵਸ ਹੈ, ਜੋ ਸਿਆਣੀ ਤੇ ਚੇਤੰਨ ਹੋ ਸਕਦੀ ਹੈ। ਇਹ ਇਕ ਜਜ਼ਬਾਤੀ ਇਲਾਜ ਹੈ, ਤੇ ਸਿਰਫ਼ ਭੀੜਾਂ ਤੇ ਅਚਨਚੇਤੀ ਲੋੜਾਂ ਸਮੇਂ ਕੰਮ ਆ ਸਕਦਾ ਹੈ। ਇਹ ਕੌਮੀ ਉਸਾਰੀ ਦੇ ਪ੍ਰੋਗਰਾਮ ਦਾ ਪੱਕਾ ਤੇ ਸਥਾਈ ਅੰਗ ਨਹੀਂ ਬਣ ਸਕਦਾ, ਤੇ ਨਾ ਹੀ ਮਨੁਖੀ ਸੁਭਾ ਇਕੋ ਸਾਹੇ ਇਸ ਵਿਚ ਜੁਟਿਆ ਰਹਿ ਸਕਦਾ ਹੈ।

ਲਾਲਾ ਲਾਜਪਤ ਰਾਇ ਵਰਗੇ ਲੀਡਰਾਂ ਨੇ ਇਕ ਹੋਰ ਉਪਾ ਭੀ ਦਸਿਆ ਹੈ, ਜਿਸ ਦੀ ਪ੍ਰੋਢਤਾ ਅਜਕਲ ਦੇ ਖੁਲ੍ਹੇ ਜ਼ਮਾਨੇ ਵਿਚ

੯੬