ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਖਵਰੇ ਗਊਆਂ ਘਟ ਮਰੀਣਗੀਆਂ, ਜਿਵੇਂ ਕਿ ਨਿਰੋਲ ਮੁਸਲਮਾਨੀ ਮੁਲਕਾਂ ਵਿਚ ਹੁੰਦਾ ਹੈ)। ਮੁਸਲਮਾਨਾਂ ਨੂੰ ਮਸੀਤ ਦੇ ਸਾਹਮਣੇ ਵਾਜਾ ਵਜਣ ਤੇ ਰੋਸ ਨਹੀਂ ਹੋਣਾ ਚਾਹੀਦਾ। ਹਿੰਦੂਆਂ ਤੇ ਸਿਖਾਂ ਨੂੰ ਭੀ ਚਾਹੀਦਾ ਹੈ ਕਿ ਜਦ ਮਸੀਤ ਵਿਚ ਨਮਾਜ਼ ਪੜ੍ਹੀਂਦੀ ਹੋਵੇ, ਤਾਂ ਅਦਬ ਵਜੋਂ ਆਪੇ ਵਾਜਾ ਬੰਦ ਕਰ ਦੇਣ ਜਾਂ ਵਾਜੇ ਵਾਲੇ ਜਲੂਸ ਦਾ ਵਕਤ ਹੀ ਐਸਾ ਰਖਣ ਕਿ ਉਸ ਵਕਤ ਨਮਾਜ਼ ਨਾ ਪੜ੍ਹੀਂਦੀ ਹੋਵੇ। ਮੈਂ ਤਾਂ ਜਦ ਮੁਸਲਮਾਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਨਮਾਜ਼ ਪੜ੍ਹਦੇ ਦੇਖਦਾ ਹਾਂ ਤਾਂ ਮੇਰਾ ਦਿਲ ਧਾਰਮਕ ਹੁਲਾਰੇ ਵਿਚ ਆ ਜਾਂਦਾ ਹੈ ਅਤੇ ਸਿਰ ਅਦਬ ਨਾਲ ਝੁਕ ਜਾਂਦਾ ਹੈ। ਉਥੇ ਮੇਰੇ ਸੋਹਣੇ ਭਰਾ ਮੇਰੇ ਆਪਣੇ ਸੋਹਣੇ ਰਬ ਦੀਆਂ ਸੋਹਣੀਆਂ ਸਿਫ਼ਤਾਂ ਕਰ ਰਹੇ ਹੁੰਦੇ ਹਨ! ਉਥੇ ਮੇਰੇ ਦਿਲ ਨੂੰ ਖੁਲ੍ਹਾ ਕਰਨ ਲਈ ਦਸਮੇਸ਼ ਜੀ ਦੀ ਵੰਗਾਰ ਪੈਂਦੀ ਹੈ: "ਦੇਹੁਰਾ ਮਸੀਤਿ ਸੋਈ, ਪੂਜਾ ਔ ਨਿਵਾਜ ਓਹੀ, ਮਾਨਸ ਸਭੈ ਏਕ, ਪੈ ਅਨੇਕ ਕੌ ਪ੍ਰਭਾਉ ਹੈ।"

ਤੀਜਾ ਇਕ ਹੋਰ ਉਪਾ ਹੈ ਜੋ ਬਾਕੀ ਉਪਾਵਾਂ ਤੋਂ ਨਿਰਾਸ ਹੋ ਕੇ ਪੇਸ਼ ਕੀਤਾ ਗਿਆ ਹੈ। ਉਹ ਇਹ ਹੈ ਕਿ ਭਿੰਨ ਭਿੰਨ ਜਾਤੀਆਂ ਨੂੰ ਮਜ਼੍ਹਬੀ ਬਿਨਾ ਤੇ ਵਖੋ ਵਖ ਸੰਗਠਨ ਜਾਂ ਤਨਜ਼ੀਮ ਵਿਚ ਪਰੋ ਕੇ ਆਪੋ ਆਪਣਾ ਬਚਾਉ ਕਰਨ ਦੇ ਲਾਇਕ ਬਣਾਇਆ ਜਾਵੇ, ਤਾਂ ਕਿ ਇਕ ਦੂਜੇ ਉਤੇ ਹਮਲਾ ਕਰਨ ਦਾ ਹੀਆਂ ਈ ਨਾ ਪਏ, ਤੇ ਇਕ ਦੂਜੇ ਦੀ ਇਜ਼ਤ ਕਰਨ ਦੀ ਪ੍ਰੇਰਨਾ ਹੋਵੇ। ਇਸ ਦਾ ਸਿੱਟਾ ਇਹ ਤਾਂ ਹੋ ਸਕਦਾ ਹੈ ਕਿ ਹਰ ਇਕ ਫਿਰਕਾ ਆਪੋ ਆਪਣੀ ਸੁਰਤ ਸੰਭਾਲ ਕੇ ਦੂਜੇ ਦੇ ਵਾਰਾਂ ਤੋਂ ਬਚਣ ਲਈ ਕਾਫ਼ੀ ਤਕੜਾ ਹੋ ਜਾਵੇ, ਪਰ ਇਸ ਦਾ ਇਹ ਨਤੀਜਾ ਕਦੇ ਨਹੀਂ ਹੋ ਸਕਦਾ ਕਿ ਇਹ ਫ਼ਿਰਕੇ ਢਲ ਢੁਲ ਕੇ ਇਕ

੯੮