ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੌਮ ਬਣ ਜਾਣ। ਬਲਕਿ ਤੁਸਾਂ ਵੇਖਿਆ ਹੋਣਾ ਹੈ ਕਿ ਇਸ ਲਹਿਰ ਦੇ ਸਿੱਟੇ ਵਜੋਂ ਇਕ ਧਿਰ ਨੂੰ ਏਲਾਨੀਆ ਤੌਰ ਤੇ ਇਹ ਆਖਣ ਦਾ ਹੀਆ ਪੈ ਗਿਆ ਹੈ ਕਿ ਹਿੰਦੁਸਤਾਨ ਹਿੰਦੂਆਂ ਦਾ ਹੈ ਤੇ ਦੂਜੀ ਧਿਰ ਇਹ ਰਾਇ ਬਣਾਣ ਤੇ ਮਜਬੂਰ ਹੋ ਗਈ ਕਿ ਮੁਸਲਮਾਨਾਂ ਦੀ ਇਕ ਵਖਰੀ ਕੌਮ ਹੈ, ਜਿਸ ਦਾ ਵਤਨ ਹਿੰਦ ਹੀ ਨਹੀਂ ਬਲਕਿ ਚੀਨ, ਤੁਰਕਿਸਤਾਨ, ਈਰਾਨ ਅਰਬ ਆਦਿ ਸਾਰੇ ਮੁਲਕ ਹਨ। ਹਿੰਦ ਵਿਚ ਭੀ ਓਹ ਆਪਣੇ ਲਈ ਵਖਰੇ ਇਲਾਕੇ ਮੰਗਣ ਲਗ ਪਏ, ਜਿਨ੍ਹਾਂ ਵਿਚ ਓਹ ਆਪਣੀ ਸਭਿੱਤਾ ਤੇ ਆਪਣੀ ਰਹਿਣੀ-ਬਹਿਣੀ ਸੰਭਾਲ ਕੇ ਵਖਰੀ ਤੇ ਨਰੋਲ ਰਖ ਸਕਣ। ਸਚ ਹੈ, ਜੇ ਹਿੰਦ ਹਿੰਦੂਆਂ ਦਾ ਹੈ, ਤਾਂ ਮੁਸਲਮਾਨਾਂ ਲਈ ਕੋਈ ਆਪਣਾ ਵਖਰਾ ਦੇਸ ਹੋਣਾ ਚਾਹੀਦਾ ਹੈ। ਇਹ ਦੋਵੇਂ ਖ਼ਿਆਲ ਰੋਗੀ ਮਨ ਤੋਂ ਪੈਦਾ ਹੋਏ, ਤੇ ਇਹ ਰੋਗ ਸੰਗਠਨ ਤੇ ਤਨਜ਼ੀਮ ਦੇ ਪ੍ਰਚਾਰ ਨੇ ਪੈਦਾ ਕੀਤਾ। ਜਿਸ ਦਾ ਅੰਤਮ ਸਿੱਟਾ ਪਾਕਿਸਤਾਨ ਅਤੇ ਹਿੰਦੂ ਮੁਸਲਮ ਫ਼ਸਾਦ ਨਿਕਲਿਆ। ਹਿੰਦੁਸਤਾਨੀ ਕੌਮ ਇਕ ਹੈ, ਜਿਸ ਦੇ ਅੰਗ ਹਿੰਦੂ ਭੀ ਹਨ ਤੇ ਮੁਸਲਮਾਨ ਭੀ; ਜਾਂ ਇਉਂ ਕਹੋ, ਜਿਵੇਂ ਸਰ ਸਈਅਦ ਅਹਿਮਦ ਕਿਹਾ ਕਰਦੇ ਸਨ, ਕਿ ਹਿੰਦ ਇਕ ਸੁੰਦਰੀ ਹੈ ਜਿਸ ਦੀ ਇਕ ਅੱਖ ਹਿੰਦੂ ਹਨ ਤੇ ਦੂਜੀ ਅੱਖ ਮੁਸਲਮਾਨ। ਇਕ ਅੱਖ ਦੇ ਵਿਗੜਨ ਨਾਲ ਸਾਰੇ ਸਰੀਰ ਦੀ ਸੁੰਦਰਤਾ ਮਾਰੀ ਜਾਂਦੀ ਹੈ। ਇਹ ਕੌਮੀ ਏਕਤਾ ਦਾ ਖ਼ਿਆਲ ਤਦ ਸਫ਼ਲ ਹੋ ਸਕਦਾ ਹੈ ਜੇਕਰ ਦੋਵੇਂ ਧਿਰਾਂ ਆਪਣੇ ਆਪ ਨੂੰ ਅਤੇ ਇਕ ਦੂਜੇ ਨੂੰ ਇਕ ਕੌਮ ਦਾ ਅੰਗ ਸਮਝਣ, ਅਤੇ ਨਿਰੇ ਆਪਣੇ ਹਕਾਂ ਲਈ ਨਹੀਂ ਬਲਕਿ ਆਪਣੇ ਗੁਆਂਢੀਆਂ ਲਈ ਭੀ ਲੜਨਾ ਤੇ ਕਸ਼ਟ ਸਹਿਣਾ ਸਿਖਣ।

੯੯