ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਮਝਿਆ। ਜੋਸ਼ ਦੁਆਣ ਲਈ ਵਾਰਾਂ ਦੀਆਂ ਨਵੀਆਂ ਨਵੀਆਂ ਧਾਰਨਾਂ ਪ੍ਰਚਲਤ ਕੀਤੀਆਂ, ਜਾਂ ਪੁਰਾਣੀਆਂ ਧਾਰਨਾਂ ਨੂੰ ਮਾਂਜ ਲਿਸ਼ਕਾ ਕੇ ਨਵੇਂ ਢੰਗ ਨਾਲ ਵਰਤਿਆ। ਆਸਾ, ਤਿਲੰਗ ਆਦਿ ਸਰਹੱਦੀ ਰਾਗਾਂ ਵਿਚ ਨਾ ਕੇਵਲ ਹੁਨਰੀ ਮੇਲ ਕੀਤਾ, ਬਲਕਿ ਉਹਨਾਂ ਵਿਚ ਗਾਏ ਜਾਣ ਵਾਲੇ ਸ਼ਬਦਾਂ ਵਿਚ ਭੀ ਰਾਗ ਦੀਆਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹਿੰਦੀ ਦੇ ਨਾਲ ਨਾਲ ਫ਼ਾਰਸੀ ਤੇ ਅਰਬੀ ਦੇ ਲਫ਼ਜ਼ ਭੀ ਭਰ ਦਿਤੇ।
ਮਜ਼੍ਹਬਾਂ ਨੂੰ ਇਕ ਕਰਨਾ ਤਾਂ ਔਖਾ ਸੀ, ਪਰ ਇਹਨਾਂ ਮਜ਼੍ਹਬਾਂ ਪਿਛੇ ਕੰਮ ਕਰਨ ਵਾਲੇ ਸਭਿਆਚਾਰੀ ਭਾਵਾਂ ਦਾ ਮੇਲ ਕਰਨਾ ਔਖਾ ਨਹੀਂ ਸੀ। ਇਹ ਮੇਲ ਅਗੇ ਹੀ ਸੂਫ਼ੀ ਮਤ ਵਾਲੇ ਖ਼ਿਆਲਾਂ ਵਿਚ ਚੋਖਾ ਨਹੀਂ ਸੀ। ਅਕਬਰ ਇਹਨਾਂ ਸੂਫੀਆਂ ਨੂੰ ਬਹੁਤ ਚਾਹੁੰਦਾ ਸੀ। ਹੋਰ ਲੋਕ ਵੀ, ਭਾਵੇਂ ਹਿੰਦੂ ਹੋਣ ਭਾਵੇਂ ਮੁਸਲਮਾਨ, ਇਨ੍ਹਾਂ ਸੂਫੀਆਂ ਦੇ ਅਸਰ ਹੇਠਾਂ ਸਨ। ਇਸ ਅਸਰ ਨੇ ਮੁਲਕ ਵਿਚ ਖ਼ਿਆਲਾਂ ਦੀ ਇਕ ਸਾਂਝੀ ਰੌ ਪੈਦਾ ਕੀਤੀ, ਜਿਸ ਦੇ ਉਘੇ ਉਘੇ ਅੰਗ ਇਹ ਸਨ:

(੧) ਦੇਵੀ ਦੇਵਤਿਆਂ ਦੀ ਥਾਂ ਇਕ ਰੱਬ ਨੂੰ ਮੰਨਣਾ।

(੨) ਮਨੁਖਾਂ ਨੂੰ ਜਾਤ ਪਾਤ ਵਿਚ ਵੰਡਣ ਦੀ ਥਾਂ ਸਭ ਨੂੰ ਇਕੋ ਭਾਈਚਾਰਾ ਮੰਨਣਾ।

(੩) ਧਰਮ ਪਿਆਰ ਹੈ, ਨਾ ਕਿ ਗਿਆਨ ਜਾਂ ਕਰਮ।

(੪) ਬ੍ਰਾਹਮਣਾਂ, ਮੁਲਾਣਿਆਂ ਜਾਂ ਪੁਜਾਰੀਆਂ ਦੀ ਥਾਂ ਇਕ ਸਰਬ-ਸਾਂਝੇ ਗੁਰ ਜਾਂ ਪੀਰ ਦੀ ਲੋੜ।

(੫) ਸੰਸਕ੍ਰਿਤ ਦੀ ਥਾਂ ਆਪਣੀ ਲੋਕ-ਬੋਲੀ ਨੂੰ ਉਪਾਸਨਾ ਜਾਂ ਇਬਾਦਤ ਲਈ ਵਰਤਣਾ।
ਰੱਬ ਦੀ ਏਕਤਾ ਦੇ ਵਿਚਾਰ ਵਿਚ ਭੀ ਕੁਝ ਤਬਦੀਲੀ ਆਈ।

੧੧੧