ਪੰਨਾ:ਚੰਦ੍ਰਕਾਂਤਾ.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)

ਵਿਚ ਭੀ ਓਹ ਦੋਵੇਂ ਘੱਟ ਨਹੀਂ ਸਨ ਅਰ ਮੈਨੂੰ ਆਪਣੇ ਬਚਾਓ ਦਾ ਭੀ ਬਹੁਤ ਧਿਆਨ ਸੀ, ਮੈਂ ਤਦ ਤਕ ਲੜਾਈ ਨਹੀਂ ਮੁਕਾਉਣੀ ਚਾਹੁੰਦਾ ਸੀ ਜਦ ਤਕ ਕਿ ਮੇਰੇ ਆਦਮੀ ਨਾ ਆ ਜਾਣ ਕਿ ਜਿਨ੍ਹਾਂ ਨੂੰ ਮੈਂ ਸੀਟੀ ਮਾਰਕੇ ਸੱਦਿਆ ਸੀ।

ਅੱਧੀ ਘੜੀ ਤੋਂ ਵਧੀਕ ਮੇਰਾ ਤੇ ਓਹਨਾਂ ਦਾ ਟਾਕਰਾ ਹੁੰਦਾ ਰਿਹਾ, ਓਸੇ ਵੇਲੇ ਮੈਨੂੰ ਚਾਨਣ ਨਜ਼ਰ ਆਇਆ, ਮੈਂ ਸਮਝ ਗਿਆ ਕਿ ਮੇਰੇ ਆਦਮੀ ਆ ਰਹੇ ਸਨ, ਮੈਂ ਜ਼ਰਾ ਕੁ ਓਹਨਾਂ ਵੱਲ ਤਕਿਆ ਹੀ ਸੀ ਕਿ ਨਾਲ ਹੀ ਇਕ ਨੇ ਅਜੇਹੇ ਜ਼ੋਰ ਦੀ ਲਾਠੀ ਮੇਰੇ ਸਿਰ ਵਿਚ ਮਾਰੀ ਕਿ ਮੈਂ ਭੁਆਟਣੀ ਖਾ ਕੇ ਧਰਤੀ ਤੇ ਡਿੱਗ ਗਿਆ।

ਦੂਸਰਾ ਕਾਂਡ

ਜਦ ਮੇਰੀ ਅੱਖ ਖੁਲ੍ਹੀ ਤਾਂ ਮੈਂ ਆਪਣੇ ਆਪ ਨੂੰ ਆਪਣੇ ਆਦਮੀਆਂ ਵਿਚ ਘਿਰਿਆ ਹੋਇਆ ਦੇਖਿਆ, ਮਸਾਲਾਂ ਦਾ ਚਾਨਣ ਹੋ ਰਿਹਾ ਸੀ, ਪਤਾ ਲੱਗਾ ਕਿ ਮੈਂ ਅੱਧੀ ਕੁ ਘੜੀ ਬੇਹੋ ਰਿਹਾ ਹਾਂ, ਜਦ ਵੈਰੀਆਂ ਵਲੋਂ ਪੁਛਿਆ ਤਾਂ ਪਤਾ ਲੱਗਾ ਕਿ ਓਹ ਨੱਸ ਗਏ ਹਨ ਪਰ ਓਹ ਗੰਢ ਚੁਕ ਕੇ ਨਹੀਂ ਲੈ ਜਾ ਸਕੇ । ਮੈਂ ਆਪਣੀ ਹਿੰਮਤ ਤੇ ਸਰੀਰ ਵੱਲ ਦੇਖਿਆ ਤਾਂ ਮਲੂਮ ਹੋਇਆ ਕਿ ਅਜੇ ਮੈਂ ਓਹਨਾਂ ਦਾ ਪਿੱਛਾ ਨਹੀਂ ਕਰ ਸਕਦਾ।ਛੇਕੜ ਲਾਚਾਰ ਹੋਕੇ ਪਹਿਰੇ ਦਾ ਪ੍ਰਬੰਧ ਕਰਕੇ ਗੰਢ ਲੈ ਕੇ ਮੈਂ ਅਪਨੇ ਕਮਰੇ ਵਿਚ ਚਲਾ ਆਇਆ ਪਰੰਤੂ ਆਪਣੇ ਮਿੱਤ੍ਰ ਵਲੋਂ ਮੇਰਾ ਮਨ ਬੜਾ ਹੀ ਬੇਚੈਨ ਹੋਇਆ ਤੇ ਕਈ ਪ੍ਰਕਾਰ ਦੇ ਸੰਦੇਹ ਹੋਣ ਲੱਗ ਪਏ।

ਮੇਰੇ ਕਮਰੇ ਵਿਚ ਬੜਾ ਚਾਨਣ ਹੋ ਰਿਹਾ ਸੀ ਬੂਹਾ ਬੰਦ ਕਰਕੇ ਮੈਂ ਗੰਢ ਖੋਲ੍ਹੀ ਤੇ ਓਸ ਦੇ ਅੰਦਰ ਦੀਆਂ ਚੀਜ਼ਾਂ ਨੂੰ ਦੇਖਣ ਲੱਗ ਪਿਆ।