( ੧੩ )
ਇਕ ਦੋ ਕਪੜੇ ਲੈਕੇ ਚਪਲਾ ਨੇ ਚੰਪਾ ਦਾ ਬਦਨ ਢਕਿਆ ਅਰ ਕਿਹਾ ਕਿ ਮੇਰੇ ਨਾਲ ਆ ਮੈਂ ਤੈਨੂੰ ਓਹ ਆਦਮੀ ਦਿਖਾਉਂਦੀ ਹਾਂ ਜਿਸਨੇ ਤੇਰਾ ਏਹ ਹਾਲ ਕੀਤਾ ਹੈ। ਚੰਪਾ ਨੂੰ ਨਾਲ ਲੈਕੇ ਚਪਲਾ ਓਥੇ ਆਈ ਜਿਥੇ ਨਾਜ਼ਮ ਅਰ ਚੰਦ੍ਰਕਾਂਤਾ ਸਨ।
ਨਾਜ਼ਮ ਵਲ ਸੈਨਤ ਕਰਕੇ ਚਪਲਾ ਨੇ ਚੰਪਾ ਨੂੰ ਕਿਹਾ ਕਿ ਇਸ ਨੇ ਏਹ ਨੇਕੀ ਤੇਰੇ ਨਾਲ ਕੀਤੀ ਹੈ। ਚੰਪਾ ਨੂੰ ਨਾਜ਼ਮ ਦੀ ਸੂਰਤ ਦੇਖਕੇ ਡਾਢਾ ਗੁੱਸਾ ਆਯਾ ਅਰ ਚਪਲਾ ਨੂੰ ਕਿਹਾ ਭੈਣ ਕਹੋ ਤਾਂ ਮੈਂ ਭੀ ਦੋ ਚਾਰ ਕੋਰੜੇ ਲਾਕੇ ਆਪਣਾ ਗੁਸਾ ਲਵਾਂ?
ਚਪਲਾ ਨੇ ਕਿਹਾ ਹਾਂ ੨ ਜਿਤਨੀਆਂ ਜੀ ਚਾਹੇ ਏਸ ਮੁਰਦੇ ਨੂੰ ਜੁਤੀਆਂ ਲਾ ਲੈ, ਬਸ ਫੇਰ ਕੀ ਸੀ ਚੰਪਾ ਨੇ ਰਜਕੇ ਨਾਜ਼ਮ ਕੁੱਟਿਆ। ਨਾਜ਼ਮ ਘਬਰਾ ਉਠਿਆ ਅਰ ਜੀ ਵਿਚ ਕੈਹਣ ਲਗਾ “ਖੁਦਾ ਕੂਰ ਸਿੰਘ ਨੂੰ ਗਾਰਤ ਕਰੇ ਜਿਸ ਪਿਛੇ ਮੇਰਾ ਹਾਲ ਹੋਇਆ ਹੈ"।
ਨਾਜ਼ਮ ਨੂੰ ਓਸ਼ੋ ਤਹਖਾਨੇ ਵਿਚ ਬੰਦ ਕਰਕੇ ਤਿੰਨੇ ਜਣੀਆਂ ਮਹਲ ਵਲ ਤੁਰ ਪਈਆਂ।
ਏਹ ਛੋਟਾ ਜੇਹਾ ਬਾਗ ਜਿਸ ਵਿਚ ਉਪਰ ਲਿਖੀਆਂ ਗਲਾਂ ਹੋਈਆਂ ਹਨ ਮਹਲ ਦੇ ਪਿਛਵਾੜੇ ਵਲ ਸੀ ਏਹ ਕੇਵਲ ਚੰਦ੍ਰਕਾਂਤਾ ਦੇ ਹਵਾ ਖਾਣ ਲਈ ਬਨਵਾਇਆ ਗਿਆ ਸੀ ਏਸਦੇ ਚਾਰੇ ਪਾਸੇ ਮੁਸਲਮਾਨਾ ਦਾ ਪੈਹਰਾ ਸੀ ਏਸੇ ਹੀ ਕਰਕੇ ਨਾਜ਼ਮ ਅਤੇ ਐਹਮਦ ਨੂੰ ਆਪਣਾ ਕੰਮ ਕਰਨ ਦਾ ਚੰਗਾ ਮੌਕਾ ਮਿਲ ਗਿਆ ਸੀ।