ਪੰਨਾ:ਚੰਦ-ਕਿਨਾਰੇ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭ ਨੈਣਾਂ ਦੇ ਮੂਹਰੇ ਇਕ ਭੁਲੀ ਰੂਹ ਦਾ ਚਿਤਰ ਸੀ
ਦੁਨੀਆਂ ਜਿਸ ਦੀ ਦੀਵਾਨੀ ਤੇ ਪਾਗਲ ਪ੍ਰੇਮ-ਨਗਰ ਸੀ
ਸੀਨਾਂ ਵਿਚੋਂ ਸਿਕਾਂ, ਸਧਰਾਂ ਤੇ ਕਸਕਾਂ ਦਾ ਘਰ ਸੀ
ਹਸਰਤ ਜਿਸ ਦੀ ਗਲ ਗਲ ਕੇ ਕਵਿਤਾ ਬਣ ਗਈ ਅਮਰ ਸੀ

ਨੈਣਾਂ ਦੇ ਅਥਰੂ ਜਿਸ ਦੇ ਭੋਂ ਦੇ ਭਾ ਚਲੇ ਗਏ ਸਨ
ਫੁਲਾਂ ਦੇ ਛਿੱਕੂ ਪਾਪਣ ਪਤ-ਝੜ ਤੋਂ ਛਲੇ ਗਏ ਸਨ
ਤਾਰਿਆਂ ਵਿਚ ਵਸਕੇ ਵੀ ਜੋ ਘਨ-ਘੁਪਾਂ ਵਿਚ ਪਲੀ ਸੀ
ਚੰਦ੍ਰ-ਹਾਰ ਦੀ ਝੁਰਮਲ ਚੋਂ ਨਹੀਂ ਨੂਰੀ ਕਿਰਨ ਮਿਲੀ ਸੀ।

ਡੂੰਘੇ ਨ੍ਹੇਰੇ ਜਿਸ ਦੇ ਲਈ ਕੁਟੀਆ ਵਿਚ ਸੁਰਤੀ ਲਾ ਕੇ
ਰੋਇਆ ਨਹੀਂ ਸੀ ਪਿਆਰ ਕੋਈ ਛੋਟਾ ਜਿਹਾ ਦੀਪ ਜਗਾ ਕੇ

ਉਡ ਗਏ ਪੰਛੀ ਦੀਆਂ ਤਾਨਾਂ ਸੀਨੇ ਵਿਚ ਭਰ ਭਰ ਕੇ
ਰੋਂਦੀ ਸੀ ਜੋ ਕਦੀ ਵਿਚਾਰੀ ਝਰਨੇਂ ਵਾਂਗਰ ਝਰ ਕੇ
ਦੂਰ ਤਾਰਿਆਂ ਤੋਂ ਅਦਿੱਸ-ਮੰਡਲ ਦੇ ਸਿਰ ਤੇ ਤਰਕੇ——
ਔਂਦੇ ਪੰਛੀ ਵਲ ਰੋਂਦੀ ਸੀ ਫਿਰ ਜੋ ਕਦੀ ਉਭਰ ਕੇ
***

੧੧੧