ਪੰਨਾ:ਚੰਦ ਤਾਰੇ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੁਰੂ ਗੋਬਿੰਦ ਸਿੰਘ ਜੀ


ਕੀਹਦੀ ਖੁਸ਼ੀ ਵਿਚ ਮਾਲੀ ਬਾਗ ਨੂੰ ਸਵਾਰਦਾ ਏ,
ਖੁਸ਼ੀ ਖੁਸ਼ੀ ਫੁੱਲ ਪਏ ਹੱਸਦੇ ਬਹਾਰ ਵਿਚ।
ਤੇਲ ਦਿਆਂ ਮੋਤੀਆਂ ਸਜਾਈ ਟਹਿਣੀ ਮੋਤੀਏ ਦੀ,
ਸੁੰਦਰੀ ਸੁਹਾਵੇ ਜਿਵੇਂ ਹੀਰਿਆਂ ਦੇ ਹਾਰ ਵਿਚ।
ਨਰਗਸ ਗੁਲਾਬ ਤਾਈਂ ਸੈਨਤਾਂ ਪਈ ਮਾਰਦੀ ਏ,
ਹੋ ਖਾਂ ਆਜ਼ਾਦ ਰੌਹ ਫਸਿਆਂ ਨਾ ਖ਼ਾਰ ਵਿਚ।
ਹਰੀ ਹਰੀ ਮਖ਼ਮਲੀ ਵਛਾਈ ਹੋਈ ਜਾਪਦੀ ਏ,
ਵਿਛਿਆ ਕਾਲੀਨ ਜਿਵੇਂ ਸ਼ਾਹੀ ਦਰਬਾਰ ਵਿਚ।
ਗੰਗਾ ਨਦੀ ਚੁੰਮਦੀ ਏ ਪਟਨੇ ਦਿਆਂ ਕੰਡਿਆਂ ਨੂੰ,
ਲਹਿਰਾਂ ਉਤੇ ਲਹਿਰਾਂ ਮਾਰੇ ਪਿਆਰੇ ਦੇ ਪਿਆਰ ਵਿਚ।
ਫੁੱਲ ਬਰਸਾਂਵਦੇ ਨੇ ਦੇਵਤੇ ਅਕਾਸ਼ ਵਿਚੋਂ,
ਰਿਧੀ ਸਿਧੀ ਫਿਰਦੀਆਂ ਨੇ ਪਟਨੇ ਦੇ ਬਾਜ਼ਾਰ ਵਿਚ।
ਆਕਾਸ਼ ਬਾਣੀ ਹੋਈ ਮਾਤਾ ਗੁਜਰੀ ਦੀ ਕੁਖੋਂ ਅੱਜ,
ਦਰਭ ਜੋਤ ਪ੍ਰਗਟ ਹੋਊ ਏਸ ਸੰਸਾਰ ਵਿਚ।
ਤੇਗਾਂ ਰਾਣੀ ਫੇਰ ਫੇਰ ਘਲੀਆਂ ਪਤਾਸਿਆਂ 'ਚ,
ਬਾਈ ਧਾਰਾਂ ਰੋਹੜ ਸੁਟੂ ਖੰਡੇ ਵਾਲੀ ਧਾਰ ਵਿਚ।
ਮੂੰਹ ਮੋੜੂ ਧਰਮ ਉਤੇ ਦੇਸ਼ ਦਿਆਂ ਵੈਰੀਆਂ ਦੇ,
ਜਿਹਾ ਜ਼ੋਰ ਹੋਸੀ ਉਹਦੇ ਤੀਰ ਤਲਵਾਰ ਵਿਚ।
ਪਾਪ ਦੀਆਂ ਜੜ੍ਹਾਂ ਪੁੱਟ, ਧਰਮ ਨੂੰ ਫੈਲਾਊ ਸਾਰੇ,
ਆਖੋ ਇਕ ਇਕ 'ਹਿੰਦੀ' ਆਣ ਕੇ ਪਿਆਰ ਵਿਚ।
ਰਾਮ ਤੇ ਕ੍ਰਿਸ਼ਨ ਉਹੋ, ਉਹੋ ਦਸਮੇਸ਼ ਗੁਰੂ,
ਭਿੰਨ ਭੇਤ ਜਾਪਦਾ ਨਹੀਂ ਕਿਸੇ ਅਵਤਾਰ ਵਿਚ।
ਨੌਮੀ ਉਹ ਅਯੁਧਿਆ ਦੀ, ਅਸ਼ਟਮੀ ਉਹ ਮਥਰਾ ਦੀ,
ਸਤਮੀਂ ਇਹ ਪਟਨੇ ਦੀ ਹੋਈਆਂ ਇਕੋ ਤਾਰ ਵਿਚ।

-੧੮-