ਪੰਨਾ:ਚੰਦ ਤਾਰੇ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀਸ ਦੇਣ ਲਈ ਸੂਰਮੇ ਕੌਣ ਹਾਜ਼ਰ,
ਕਹਿਣਾ ਸੰਗਤਾਂ ਤਾਈਂ ਲਲਕਾਰ ਤੇਰਾ।
ਤਦੋਂ ਪੰਜਾਂ ਪਿਆਰਿਆਂ ਵਿਚ ਸੇਤੀ,
ਕਿਹਾ ਤਨ ਤੇਰਾ, ਘਰ ਬਾਰ ਤੇਰਾ।
ਨੇਕੀ ਬਦੀ ਦਾ ਤੂੰ ਮੁਖਤਾਰ ਸਾਡਾ,
ਰਖ, ਮਾਰ ਭਾਵੇਂ ਅਖ਼ਤਿਆਰ ਤੇਰਾ।
ਤੂੰ ਛਾਤੀ ਲਗਾਇਆ, ਛਕਾਇਆ ਅੰਮ੍ਰਿਤ,
ਡਾਹਡਾ ਪ੍ਰੇਮ ਦਾ ਭਿੰਨਾ ਵਿਹਾਰ ਤੇਰਾ।
ਪ੍ਰਗਟ ਹੋਵਸਾਂਗਾ ਹਰ ਇਕ ਬਿਪਤ ਵੇਲੇ,
ਬਾਜਾਂ ਵਾਲਿਆ ਯਾਦ ਇਕਰਾਰ ਤੇਰਾ।
ਏਨੀ ਕਿਉਂ ਕੰਨਾ ਘੇਸਲ ਮਾਰਿਓ ਈ,
ਕਿਹੜੇ ਵਹਿਣਾਂ ਵਿਚ ਗਿਆ ਵਿਚਾਰ ਤੇਰਾ।
ਜਿਹਨੂੰ ਆਪ ਬਾਬੇ ਨਾਨਕ ਬੀਜਿਆ ਸੀ,
ਫ਼ਸਲ ਪੱਕਿਆ ਹੋਇਆ ਤਿਆਰ ਤੇਰਾ।
ਛੱਟਾ ਲਹੂ ਦਾ ਦੇ ਦੇ ਸਿੰਜਿਆ ਸੀ,
ਅੱਜ ਹੁੰਦਾ ਈ ਰੂੜ ਕਿਆਰ ਤੇਰਾ।
ਵੇਲਾ ਬੌਹੜੀ ਦਾ ਝਬਦੇ ਬੌਹੜ ਕਿਧਰੋਂ,
ਬੜਾ ਕਰ ਥੱਕੇ ਇੰਤਜ਼ਾਰ ਤੇਰਾ।
ਮੁੜ ਕੇ ਦੇਈਂ ਤਾਮੇਸ਼ਰ ਦੀ ਪੁੜੀ ਓਹੋ,
ਹੋਇਆ ਹਰ ਇਕ ‘ਹਿੰਦੀ' ਬੀਮਾਰ ਤੇਰਾ।

-੨੨-