ਪੰਨਾ:ਚੰਦ ਤਾਰੇ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਹਿਰੀਆਂ ਦੇ ਕਹਿਰ ਕਢ, ਜ਼ਹਿਰੀਆਂ ਦੇ ਜ਼ਹਿਰ ਨਾਲੇ,
ਵੈਰੀਆਂ ਦੇ ਦਿਲਾਂ ਤਾਈਂ ਦਲਨ ਦਲਾਨ ਵਾਲੇ।
ਪੰਜਾਂ ਵਿਚ ਰੱਬ ਸਭ ਜਾਣਦੇ ਨੇ ਤਤ ਪੰਜ,
ਤਾਹੀਓਂ ਦਿਤੇ ਪੰਜ ਕਕੇ ਪੰਜਾਂ ਨੂੰ ਸਜਾਣ ਵਾਲੇ।
ਛੇਤੀ ਨਾਲ ਪਹੁੰਚ ਆ ਲੈ ਕੇ ਪੰਜਾਂ ਈ ਪਿਆਰਿਆਂ ਨੂੰ,
ਪੰਜਾਂ ਵਾਲੇ ਪੰਚ ਦੇ ਪਰਪੰਚ ਨੂੰ ਰਚਾਨ ਵਾਲੇ।
ਹੱਦ ਹੋਈ ਦੁਖੜੇ ਦੀ, ਸਿੱਕ ਤੇਰੇ ਮੁਖੜੇ ਦੀ,
ਦੱਸ ਗੱਲ ਸੁਖੜੇ ਦੀ ਆਨ ਕੇ ਗਿਆਨ ਵਾਲੇ।
ਹੱਸਦੇ ਕਲੇਸ਼ ਸਾਡੇ ਪਿਤਾ ਦਸਮੇਸ਼ ਸਾਡੇ,
ਤੁਸੀਂ ਓ ਹਮੇਸ਼ ਸਾਡੇ ਹੌਸਲੇ ਵਧਾਣ ਵਾਲੇ।
ਪਲ ਪਲ, ਛਿਨ ਛਿਨ ਦੁਖੀ ਹੋਏ ਤੁਸਾਂ ਬਿਨ,
ਦਿਨੋ ਦਿਨ ਦਸਦੇ ਨੇ ਕੰਮ ਡਾਹਡੀ ਹਾਣ ਵਾਲੇ।
ਆਪੇ ਅਕ ਅਕ 'ਹਿੰਦੀ' ਅੰਗਣ ਤੇ ਆਥਨੇ ਨੂੰ,
ਕੇਰਾਂ ਫੇਰ ਆਓ ਮੇਰੇ ਸੋਹਣੀ ਕ੍ਰਿਪਾਨ ਵਾਲੇ।

-੨੮-