ਪੰਨਾ:ਚੰਦ ਤਾਰੇ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ੍ਰੀ ਦਸਮੇਸ਼


ਤਰਜ਼:ਦਿਲ ਲਗਾਨੇ ਕੀ ਵੋਹ ਬੁਤ ਖ਼ੂਬ ਸਜ਼ਾ ਦੇਤੇ ਹੈਂ
ਸ੍ਰੀ ਦਸਮੇਸ਼ ਸਰ੍ਹੋਂ ਹੱਥਾਂ ਤੇ ਜਮਾ ਦੇਂਦੇ ਨੇ,
ਜੇ ਕੋਈ ਸ਼ਰਨ ਪਵੇ ਬੰਦਾ ਬਣਾ ਦੇਂਦੇ ਨੇ।
ਬੁਜ਼ਦਿਲਾਂ, ਕਾਇਰਾਂ ਦੇ ਦਿਲ ਨੂੰ ਤਸੱਲੀ ਦੇ ਦੇ,
ਦੇਖੋ ਚਿੜੀਆਂ ਦੇ ਹੱਥੋਂ ਬਾਜ਼ ਹੀ ਤੁੜਾ ਦੇਂਦੇ ਨੇ।
ਘੋਲ ਕੇ ਦੋ ਕੁ ਪਤਾਸੇ, ਕਿਸੇ ਬਾਟੇ ਅੰਦਰ,
ਫਿਰ ਕ੍ਰਿਪਾਨ ਜਿਈ ਵਿਚ ਦੀ ਵੀ ਫਰਾ ਦੇਂਦੇ ਨੇ।
ਦੂਤੀ ਸਭ ਆਖਦੇ ਨੇ ਲੋਹੜਾ ਕਿਧਰ ਦਾ ਆਇਆ,
ਜਿਹੜੇ ਪੀ ਲੈਂਦੇ ਨੇ ਛਿਕੇ ਹੀ ਛੁੜਾ ਦੇਂਦੇ ਨੇ।
ਇਸ ਤੋਂ ਵਧ ਕੇ ਭਲਾ ਹੋਰ ਕੀ ਹਿੰਮਤ ਹੋਣੀ,
ਧਰਮ ਦੇ ਵਾਸਤੇ ਸਰਬੰਸ ਹੀ ਲੁਟਾ ਦੇਂਦੇ ਨੇ।
ਭੇਜਦੇ ਆਪ ਪਿਤਾ ਧਰਮ ਦੀ ਕੁਰਬਾਨੀ ਨੂੰ,
ਨੂਰ ਅੱਖਾਂ ਦੇ ਕੰਧੀ ਆਪ ਹੀ ਚਿਣਾ ਦੇਂਦੇ ਨੇ।
ਆਪਣਾ ਆਪ ਵੀ ਫਿਰ ਧਰਮ ਤੇ ਲਾ ਕੇ 'ਹਿੰਦੀ',
ਮਰ ਕੇ ਜੀਵਨ ਦਾ ਰਾਹ ਹੀ ਵਿਖਾ ਦੇਂਦੇ ਨੇ।

-੩੬-