ਪੰਨਾ:ਚੰਦ ਤਾਰੇ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਓੜਕ ਭੋਂ ਭਾਂਡੇ ਵੇਚ ਹੋਏ ਵੈਹਲੇ,
ਜੀਉਂਦੇ ਫਿਰਨ ਐਪਰ ਵਿਚੋਂ ਮਰੇ ਹੋਏ ਨੇ।
ਇਹਦੇ ਭੈੜਾਂ ਦਾ ਲੇਖਾ ਨਾ ਅੰਤ ਆਵੇ,
ਭੈੜੀ ਨਸ਼ਟ ਸਾਡਾ ਬੇ ਹਿਸਾਬ ਕੀਤਾ।
ਤਾਹੀਓਂ ਹਰ ਮਜ਼੍ਹਬ ਏਹਨੂੰ ਨਿੰਦਿਆ ਏ,
ਤਾਹੀਓਂ ਰਦ ਹਰ ਪਾਕ ਕਿਤਾਬ ਕੀਤਾ।

ਏਹਨੂੰ ਵਰਤਣਾ ਤੇ ਰਹਿਆ ਇਕ ਪਾਸੇ,
ਹੱਥ ਲਾਉਣਾ ਵੀ ਵੱਡਾ ਪਾਪ ਹੈ ਇਕ।
ਇਹਦੀ ਛੋਹ ਹੀ ਹੱਡਾਂ ਨੂੰ ਖੋਰਦੀ ਏ,
ਖਈ ਰੋਗ ਹੈ ਇਕ ਇਕ ਤਾਪ ਹੈ ਇਕ।
ਇਹਨੂੰ ਕੁਲ ਬੁਰਾਈਆਂ ਦੀ ਮਾਂ ਆਖਣ,
ਨਸ਼ਾ ਇਹਦਾ ਖੁਫਾਈਆਂ ਦਾ ਬਾਪ ਹੈ ਇਕ।
ਜੋ ਨਾ ਕਿਸੇ ਦੀ ਰਾਸ ਨੂੰ ਰਾਸ ਆਵੇ,
ਇਹ ਓਸ ਨਗੀਨੇ ਦੀ ਛਾਪ ਹੈ ਇਕ।
ਪੀੜਾਂ ਕੀਤੀਆਂ ਵੇਲਣੇ ਪੀੜ ਇਸ ਨੇ,
ਗੁਣ ਵਾਲਿਆਂ ਗੁੜਾ ਨੂੰ ਰਾਬ ਕੀਤਾ।
ਤਾਹੀਓਂ ਹਰ ਮਜ਼੍ਹਬ ਇਹਨੂੰ ਨਿੰਦਿਆ ਏ,
ਤਾਹੀਓਂ ਰਦ ਹਰ ਪਾਕ ਕਿਤਾਬ ਕੀਤਾ।

ਜਿਨ੍ਹਾਂ ਇਸ ਚੁੜੇਲ ਨੂੰ ਮੂੰਹ ਲਾਇਆ,
ਉਹਨਾਂ ਆਖੇ ਹੀ ਜਿਨ ਟਮੇੜ ਲਏ ਨੇ।
ਕੋਈ ਟੂਣੇ ਤਵੀਤ ਨਹੀਂ ਕਾਟ ਕਰਦੇ,
ਜਹੇ ਗੁਝੜੇ ਰੋਗ ਸਹੇੜ ਲਏ ਨੇ।
ਜਿਹੜੇ ਦੁਨੀਆਂ ਦੇ ਝਗੜੇ ਨਬੇੜ ਸਕਣ,
ਆਪੇ ਉਹਨਾਂ ਨੇ ਆਪੇ ਨਬੇੜ ਲਏ ਨੇ।

-੪੬-