ਪੰਨਾ:ਚੰਦ ਤਾਰੇ.pdf/50

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਾਬ ਵਾਲੇ


ਓਹ ਵੀ ਸਮੇਂ ਸਨ ਸਾਡੇ ਪੰਜਾਬ ਅੰਦਰ,
ਲੇਖੇ ਅੰਤ ਨਾ ਜੀਹਦੇ ਹਸਾਬ ਵਾਲੇ।
ਘਰ ਘਰ ਰੰਗਣਾਂ ਧੁਰ ਧੁਜੋਂ ਬਾਹਰੀਆਂ ਸਨ,
ਬੜੀਆਂ ਰੌਣਕਾਂ ਵੇਲੇ ਪ੍ਰਤਾਪ ਵਾਲੇ।
ਸਾਡੇ ਟੈਕਸਲੇ 'ਚ ਸਾਗਰ ਵਿਦਿਆ ਦਾ,
ਲਹਿਰੇ ਮਾਰਦਾ ਸੀ ਆਬ ਤਾਬ ਵਾਲੇ।
ਪੈਂਦੀ ਗੂੰਜ ਸੀ ਸਾਰੇ ਬ੍ਰਹਿਮੰਡ ਅੰਦਰ,
ਹਿਲਦੇ ਤਾਰ ਜਾਂ ਸਾਡੀ ਰਬਾਬ ਵਾਲੇ।
ਸਾਡੇ ਫ਼ਲਸਫ਼ੇ ਵਿਚ ਉਡਾਰੀਆਂ ਸਨ,
ਲਗੇ ਹੋਏ ਸਨ ਖੰਭ ਸਰਖਾਬ ਵਾਲੇ।
ਤਦੋਂ ਬੋਲੀ ਪੰਜਾਬੀ ਸੀ ਇਕ ਸਭ ਦੀ,
ਡਾਹਢੇ ਸੁਖੀ ਸਨ ਵਸਦੇ ਪੰਜਾਬ ਵਾਲੇ।

ਸਾਡੇ ਪੰਜਾਂ ਦਰਿਆਵਾਂ ਦੇ ਪਾਣੀਆਂ ਨੇ,
ਸਾਡੇ ਦਿਲਾਂ ਦੀ ਮੈਲ ਸੀ ਧੋਈ ਹੋਈ।
ਬੀਬੀ ਫ਼ਾਰਸੀ ਆਈ ਈਰਾਨ ਵਿਚੋਂ,
ਅਰਬੀ ਲਾਲਾਂ ਦੇ ਨਾਲ ਪ੍ਰੋਈ ਹੋਈ।
ਸਾਡੇ ਮੋਤੀਆਂ ਨੂੰ ਦੁਰ ਦੁਰ ਪਈ ਆਖੇ,
ਸਾਡੇ ਨਾਲ ਮਿਸਾਲ ਤਾਂ ਓਹੀ ਹੋਈ।

-੫੦-