ਪੰਨਾ:ਚੰਦ ਤਾਰੇ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਏਨੀ ਕਿਰਤ ਕਰਕੇ ਫਿਰ ਵੀ ਰਹੇਂ ਥੁੜਿਆ,
ਡੁਬ ਡੁਬ ਕਰਜ ਵਿਚ ਮੁਆਮਲੇ ਤਾਰਨਾ ਏਂ।
ਕਦੇ ਬੈਠਾ ਏਂ ਬੁਕਲੇ ਮੂੰਹ ਪਾ ਕੇ,
ਗੱਲਾਂ ਇਹ ਦੱਸ ਕਦੇ ਵਿਚਾਰੀਆਂ ਨੇ?
ਰੁੜ੍ਹਦਾ ਗਿਓਂ ਕਰਤੂਤਾਂ ਦੇ ਵਹਿਣ ਅੰਦਰ,
ਤੈਨੂੰ ਮਾਰਿਆ ਏ ਰਾਠਾਚਾਰੀਆਂ ਨੇ।

ਤੇਰੀਆਂ ਰੂੰਆਂ ਕਪਾਹਾਂ ਤੇ ਜਿਮੀਆਂ ਨੇ,
ਸਾਰੇ ਜੱਗ ਦੀ ਸ਼ਾਨ ਬਣਾ ਦਿੱਤੀ।
ਤੇਰੀਆਂ ਕਣਕਾਂ, ਜਵਾਰਾਂ ਤੇ ਛੋਲਿਆਂ ਨੇ,
ਤਿੰਨਾਂ ਲੋਕਾਂ ਦੀ ਭੁਖ ਮਿਟਾ ਦਿਤੀ।
ਤੇਰੇ ਗੰਨਿਆਂ, ਗੁੜਾਂ ਤੇ ਸ਼ੱਕਰਾਂ ਨੇ,
ਮਿਠਤ ਮੂੰਹ ਜ਼ਮਾਨੇ ਦੇ ਪਾ ਦਿਤੀ।
ਤੇਰੇ ਤੋਰੀਏ ਤੇ ਸਰਵਾਂ ਸਰਵਿਆਂ ਨੇ,
ਦੁਨੀਆਂ ਵਿਚ ਪਲਤਣ ਵਰਤਾ ਦਿਤੀ।
ਇਕ ਤੇਰੇ ਹੀ ਦੂਲਿਆ ਆਸਰੇ ਤੇ,
ਦੁਨੀਆਂ ਵਾਲਿਆਂ ਜੂਨਾਂ ਸਵਾਰੀਆਂ ਨੇ।
ਪਰ ਤੂੰ ਆਪਣੀ ਜੂਨ ਵਿਗਾੜ ਬੈਠੋਂ,
ਜੋਕਾਂ ਵਾਂਗ ਲਗੀਆਂ ਰਾਠਾਚਾਰੀਆਂ ਨੇ।

ਏਹਨਾਂ ਨਾਈਆਂ ਮਰਾਸੀਆਂ ਦਸ ਤੈਨੂੰ,
ਕਿਹੜੀ ਖੁਭਣੀ ’ਚੋਂ ਭਲਾ ਕਢਿਆ ਏ?
ਤੇਰੀ ਵਾਹੀ ਵੇਲੇ ਵੱਟੀ ਵਾਹੀ ਨਾਹੀਂ,
ਕਾਹਦਾ ਹੁਣ ਆਹਡਾ ਆਣ ਅਡਿਆ ਏ?
ਫੜ ਕੇ ਹਥ ਵਿਚ ਛਵੀ ਫਲੌਹਣੀਆਂ ਦੀ,
ਫਸਤਾ ਤੇਰੇ ਨਮੂਜ ਦਾ ਵਢਿਆ ਏ।

-੬੬-