ਪੰਨਾ:ਚੰਦ ਤਾਰੇ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੌਹਰੇ ਜਾਂਦੀ ਧੀ ਨੂੰ ਸਿਖਿਆ

ਪਿਆਰੀਏ ਬੱਚੀਏ, ਬੀਬੀਏ ਮਲੀਏ,
ਜਿਗਰ ਦੀਏ ਬੋਟੀਏ, ਵਖਤਾਂ ਦੀਏ ਪਲੀਏ।
ਦਿਲ ਦੀਏ ਠੰਢਕੇ, ਅੱਖਾਂ ਦੀਏ ਚਾਨਣੇ,
ਘਰ ਦੀਏ ਰੌਣਕੇ, ਮਾਂ ਦੀਏ ਬਰਕਤੇ।
ਲਾਡਲੀਏ, ਛਿੰਦੀਏ, ਨਿਕੀ ਜਿਹੀ ਜਿੰਦੀਏ,
ਕਰਮਾਂ ਵਾਲੀਏ ਭੋਲੀਏ ਭਾਲੀਏ।
ਸੰਗ ਦੀ ਏ ਦੇਵੀਏ, ਸੁਘੜ ਸਿਆਣੀਏ,
ਇਕ ਮੇਰੀ ਗੱਲ ਸੁਣ ਅੱਜ ਧੀਏ ਰਾਣੀਏ।

ਜਿਸ ਘਰ ਬੀਬੀਏ, ਜੰਮੀਏਂ ਪਲੀਏਂ,
ਅੱਜ ਓਹਨੂੰ ਛਡ ਸੌਹਰਿਆਂ ਦੇ ਚਲੀ ਏਂ।
ਓਥੇ ਜਾ ਕੇ ਪੇਕਿਆਂ ਦੇ ਘਰ ਨੂੰ ਸਲਾਹੀਂ ਨਾ,
ਹਸ ਹਸ ਰਹਿਣ ਬਹਿਣ, ਖਪੀਂ ਨਾ ਖਪਾਈਂ ਨਾ,
ਦੇਵਰ, ਜੇਠ, ਨੰਦਾਂ ਤਾਈਂ ਭਾਈ ਭੈਣਾਂ ਜਾਣ ਕੇ,
ਸਸ ਸੌਹਰਾ ਵਾਂਗ ਮਾਂ ਪਿਓ ਦੇ ਪਛਾਣ ਕੇ।
ਪਤੀ ਪ੍ਰਮੇਸ਼ਵਰ ਦੇ ਪੈਰ ਰਹੀਂ ਪੂਜਦੀ,
ਸਤ ਬਚਨ ਆਖੀਂ ਸਦਾ ਗੱਲ ਕਰੀਂ ਸੂਝ ਦੀ।

-੬੮-