ਪੰਨਾ:ਚੰਦ ਤਾਰੇ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


'ਗਿਆਨ ਚੰਦ ਦੇ ਪਿਆਰਾਂ ਦਾ,
ਹੈ ਚੰਦਾ ਸੂਰਜ ਚਮਕ ਰਿਹਾ।
ਬਾਬੇ 'ਵੀਰ ਭਾਨ' ਦੀ ਕੁਲ ਦਾ ਹੈ,
ਅਖੇ ਹੀਰਿਆ ਹੀਰਾ ਦਮਕ ਰਿਹਾ।
ਇਹ ਮਾਂ ਤੇਰੀ ਦੀਆਂ ਆਸਾਂ ਦੇ,
ਮਹਿਲ ਦਾ ਉਚ ਮੁਨਾਰਾ ਏ।
ਨਜ਼ਦੀਕੀ ਭੈਣ ਭਰਾਵਾਂ ਦਾ,
ਇਹ ਸੋਹਣਿਆ ਦਿਲੀ ਸਹਾਰਾ ਏ।

ਜੋ ਕੁਝ ਇਹ ਤੈਨੂੰ ਆਖੇਗਾ,
ਵੇਖੀਂ ਓਹ ਕਦੀ ਭੁਲਾਵੀਂ ਨਾ।
ਇਜ਼ਤ ਦੀ ਚਿਟੀ ਚਾਦਰ ਨੂੰ,
ਬੀਬਾ ਕੋਈ ਦਾਗ਼ ਲਗਾਵੀਂ ਨਾ,
ਇਹ ਉਡਨ ਖਟੋਲਾ ਲੈ ਤੈਨੂੰ,
ਜ਼ਿਮੀਓਂ ਆਕਾਸ਼ ਪਹੁੰਚਾਵੇਗਾ।
ਅੱਜ ਤੈਨੂੰ ਲੈ ਕੇ ਜਾਵੇਗਾ,
ਕਲ੍ਹ ਲਕਸ਼ਮੀ ਲੈ ਕੇ ਆਵੇਗਾ।

ਇਹ ਜੇਹੜੀ ਲਖਸ਼ਮੀ ਲਿਆਵੇਗਾ,
ਤੂੰ ਉਸ ਦਾ ਆਦਰ ਮਾਣ ਕਰੀਂ।
ਓਹ ਜਾਨ ਤੇਰੇ ਤੋਂ ਵਾਰੇਗੀ,
ਤੂੰ ਉਸ ਤੋਂ ਜਿੰਦ ਕੁਰਬਾਨ ਕਰੀਂ।
ਓਹ ਬਣੂੰ ਸਹਾਰਾ ਤੇਰਾ,
ਤੇ ਤੂੰ ਉਸ ਦਾ ਬਣ ਧਰਵਾਸ ਰਹੀਂ।
ਓਹ ਖੁਸ਼ੀ 'ਚ ਖਿੜ ਕੇ ਫੁਲ ਬਣੂੰ,
ਤੂੰ ਫੁਲ ਦੀ ਬਣ ਕੇ ਬਾਸ ਰਹੀਂ।

-੭੨-