ਪੰਨਾ:ਚੰਦ ਤਾਰੇ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੀਤ

ਸਜਨਾਂ ਕਦੇ ਆ ਜਾ, ਕਦੇ ਆ ਜਾ, ਕਦੇ ਆ ਜਾ,
ਮੁਖ ਚੰਦ ਚਕੋਰਾਂ ਨੂੰ ਕਦੇ ਆਨ ਦਖਾ ਜਾ।

ਤੂੰ ਕੋਲ ਨਹੀਂ, ਕੌਣ ਸੁਣੇ ਵਾਰਤਾਂ ਮੇਰੀ,
ਹੈ ਤਾਂਘ ਬਣੀ ਰਹਿੰਦੀ ਸਦਾ ਅੱਖਾਂ 'ਚ ਤੇਰੀ।
ਆ ਨੈਣੀਂ ਸਮਾ ਜਾ, ਤੇ ਮੇਰੀ ਤਾਂਘ ਮਿਟਾ ਜਾ,
ਸਜਨਾ ਕਦੇ ਆ ਜਾ, ਕਦੇ ਆ ਜਾ, ਕਦੇ ਆ ਜਾ।

ਮੈਂ ਕਿਵੇਂ ਜੁਦਾਈ ਦੇ ਭਲਾ ਸਦਮੇ ਉਠਾਵਾਂ,
ਤੜਫਾਂ, ਕਦੇ ਵਿਲਕਾਂ, ਕਦੇ ਚੈਨ ਨਾ ਪਾਵਾਂ।
ਆ ਸਹਿਕਦੀ ਊ ਜਿੰਦ ਮੇਰੀ, ਝਾਤੀ ਤੇ ਪਾ ਜਾ,
ਸਜਨਾ ਕਦੇ ਆ ਜਾ..........

ਹੈ ਲੱਗੀ ਹੋਈ ਧੁਰ ਦੀ ਜਿਹੜੀ ਪ੍ਰੀਤ ਪੁਰਾਣੀ,
ਹੋ ਸਕੇ ਜਿਵੇਂ ਚਾਹੀਏ ਸਿਰਾਂ ਨਾਲ ਨਿਭਾਣੀ।
ਆ ਪ੍ਰੀਤਮਾਂ ਵੇ ਲੱਗੀਆਂ ਹੋਈਆਂ ਤੋੜ ਚੜ੍ਹਾ ਜਾ,
ਸਜਨਾ ਕਦੇ ਆ ਜਾ..........

ਮੈਂ ਤੇਰੇ ਵਿਛੋੜੇ 'ਚ ਹੋਈ ਫਾਵੀ ਤੇ ਕਮਲੀ,
ਹੈ ਵੇਸ ਵੈਰਾਗਨ ਧਰੀ ਮੋਢੇ ਤੇ ਕਮਲੀ।
ਆ ਵੈਰੀਆ, ਜੋਗਨ ਤੇ ਜ਼ਰਾ ਤਰਸ ਕਮਾ ਜਾ,
ਸਜਨਾ ਕਦੇ ਆ ਜਾ..........

ਦਿਲ ਵਿਚ ਨੇ ਤੇਰੇ ਹਿਜਰ ਦੀਆਂ ਸਾਂਗਾਂ ਤੇ ਕਾਤਾਂ,
ਗਲ ਪਈਆਂ ਲਿਟਾਂ ਕਾਲੀਆਂ, ਬਣ ਲੰਮੀਆਂ ਰਾਤਾਂ।
ਹੁਣ ਸੁਤੇ ਹੋਏ ਹਿੰਦੀ ਦੇ ਅਰਮਾਨਜਗਾ ਜਾ,
ਸਜਨਾ ਕਦੇ ਆ ਜਾ..........

-੭੬-