ਪੰਨਾ:ਚੰਦ ਤਾਰੇ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਸੋਹਣੀ ਦੀ ਸਿਕ

ਬਰਖਾ ਦੀ ਰੁਤ ਆਈ, ਬਦਲਾਂ ਬਹਾਰ ਆਈ।
ਤਿਤਰ ਖੰਭੀ ਪੁਸ਼ਾਕੀ, ਬੁਲਿਆਂ ਦੀ ਬਹਿ ਕੇ ਢਾਕੀ।
ਰੂੰ ਦੇ ਨਿਰੇ ਹੀ ਗੋੜ੍ਹੇ, ਚੜ੍ਹ ਕੇ ਹਵਾ ਦੇ ਘੋੜੇ।
ਬਿਧ ਬਿਧ ਕੇ ਭਜਦੇ ਨੇ, ਵਰ੍ਹਦੇ ਤੇ ਗੱਜਦੇ ਨੇ।
ਚਿਟੇ ਅਕਾਸ਼ ਅੰਦਰ, ਕਾਲੀ ਘਟਾ ਜਾਂ ਉਠੇ।
ਇਕ ਛਿਨ 'ਚ ਵਰ੍ਹੇ ਨਿਤਰੇ, ਮੰਨੇ ਕਦੇ ਜਾਂ ਰੁਠੇ।
ਧੋਬੀ ਜਦੋਂ ਅਸਮਾਨੀ; ਆਬੇ ਰਵਾਂ ਦੀ ਸਾਨੀ।
ਚਾਦਰ ਜਹੀ ਵਛਾਏ, ਫ਼ਰਸ਼ਾਂ ਤੇ ਫ਼ਰਸ਼ ਲਾਏ।
ਬਿਜਲੀ ਦੀ ਲਿਸ਼ਕ ਨੂਰੀ, ਤੇਰੇ ਹੁਸਨ ਦੀ ਪੂਰੀ।
ਝਾਕੀ ਜਦੋਂ ਵਿਖਾਏ, ਇਕ ਤੜਫਣੀ ਜਹੀ ਲਾਏ।
ਫਿਕੇ ਜਹੇ ਊਦੇ ਰੰਗ ਦੇ, ਅਸਮਾਨ ਦਾ ਸ਼ਾਹਜ਼ਾਦਾ।
ਤਾਰਿਆਂ ਭਰੀ ਪਰੀ ਦਾ, ਪ੍ਰਧਾਨ ਹੋਇਆ ਕਾਹਦਾ।
ਬਦਲਾਂ ਦੇ ਘੁੰਡ ਸੋਹਣੇ, ਸੋਹਣੇ ਮੁਖੜੇ ਤੋਂ ਲਾਹੀ ਜਾਵੇ।
ਤਪਿਆਂ ਦਿਲਾਂ ਦੇ ਅੰਦਰ ਇਕ ਠੰਢ ਪਾਈ ਜਾਵੇ।
ਮੇਰੇ ਲਈ ਓਹ ਕਾਹਦਾ, ਹੋਇਆ ਜਹਿਆ ਨਾ ਹੋਇਆ।
ਮੈਨੂੰ ਤੇ ਰੂਪ ਓਹਦਾ, ਰਤੀ ਜਿੱਨਾ ਨਹੀਂ ਪੋਹਿਆ।
ਮੈਂ ਤੜਫਨੀ ਹਾਂ ਪ੍ਰੀਤਮ, ਕਰਦੀ ਹਾਂ ਯਾਦ ਤੈਨੂੰ।
ਦੇਵੀ ਸਵੇਰ ਦੀ ਨੂੰ, ਕੇਸਰ ਖਲੇਰ ਦੀ ਨੂੰ।
ਸਾਵੇ ਰੁਖਾਂ ਦੇ ਪਤੇ, ਕੋਮਲ ਤੇ ਮਾਨ ਮਤੇ।

-੭੭-