ਪੰਨਾ:ਚੰਦ ਤਾਰੇ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੂਲੀ ਚਾਹੜਿਆ ਏਸੇ ਕਲਮ ਕੋਈ,
ਸ਼ਮਸ ਜਿਹਾਂ ਦੀ ਖਲ ਲੁਹਾ ਦਿਤੀ।

ਵੈਰੀ ਸਚਿਆਂ ਦੀ ਧੁਰੋਂ ਕਲਮ ਫੇਰੀ,
ਤਾਹੀਓਂ ਰੱਬ ਨੇ ਐਡ ਸਜ਼ਾ ਦਿਤੀ।
ਕਾਲਾ ਮੂੰਹ ਹੋਇਆ ਲੱਗਾ ਫਟ ਸੀਨੇ,
ਚੀਕ ਚੀਕ ਦੁਹਾਈ ਮਚਾ ਦਿਤੀ।

ਅੱਜ ਓਸੇ ਹੀ ਕਲਮ ਦੇ ਆਸਰੇ ਤੇ,
ਚੰਦੂ ਚੰਮ ਦੀ ਖੂਬ ਚਲਾ ਦਿਤੀ।
ਲੱਗਾ ਕਹਿਣ ਪਾਪੀ ਅਰਜਨ ਦੇਵ ਤਾਈਂ,
ਮੈਨੂੰ ਰੱਬ ਨੇ ਅੱਜ ਹੈ ਵਾਹ ਦਿਤੀ।

ਮੰਨੀ ਸਾਕ ਤੇ ਸਾਕਾਂ ਦੇ ਵਾਂਗ ਮੰਨਾਂ,
ਨਹੀਂ ਤਾਂ ਜਾਨ ਲਈ ਜਾਨ ਗਵਾ ਦਿਤੀ।
ਕਿਹਾ ਸਤਗੁਰਾਂ ਭੋਲਿਆ ਭਰਮਿਆ ਵੇ,
ਤੈਨੂੰ ਕਿਸ ਇਹ ਗੱਲ ਸਿਖਾ ਦਿਤੀ।

ਕੋਈ ਕਿਸੇ ਨੂੰ ਦੁਖ ਪੁਚਾ ਸਕੇ,
ਕਿਨੇ ਕਿਸੇ ਦੀ ਪੀੜ ਵੰਡਾ ਦਿਤੀ।
ਦੁਖ ਸੁਖ ਸਰੀਰਾਂ ਦਾ ਭੋਗ ਹੁੰਦਾ,
ਅਮਰ ਆਤਮਾ ਗੱਲ ਸਮਝਾ ਦਿਤੀ।

ਅੱਗੋਂ, ਪਾਣੀਓਂ, ਸ਼ਸਤ੍ਰੋਂ ਭੈ ਨਾਹੀਂ,
ਡਰੋਂ ਪਰੇ ਮਾਲਕ ਸਾਨੂੰ ਜਾ ਦਿਤੀ।
ਬਸ ਫੇਰ ਕੀ ਚੰਦਰੇ ਗਚ ਖਾਧਾ,
ਤਤੀ ਰੇਤ ਪਿੰਡੇ ਉਪਰ ਪਾ ਦਿਤੀ।

-੮੩-