ਪੰਨਾ:ਚੰਦ ਤਾਰੇ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਗੁਰੂ ਨਾਨਕ


ਦੁਨੀਆਂ ਵਿਚ ਜਿਸ ਦਮ ਮਨਮਤ ਸੀ ਹੋਈ,
ਤੇ ਗੁਰਮਤ ਤਾਂਈ ਨਾ ਮਿਲਦੀ ਸੀ ਢੋਈ।
ਜਦ ਧਰਮ ਕਰਮ ਦੀ ਨਾ ਸ਼ਰਮ ਸੀ ਕੋਈ,
ਲਾਹ ਦਿਤੀ ਸੀ ਜਗ ਨੇ ਜਦ ਮੂੰਹ ਤੋਂ ਲੋਈ।
ਚੌਹ ਕੂਟਾਂ ਅੰਦਰ ਅੰਧੇਰ ਸੀ ਛਾਇਆ,
ਸ੍ਰੀ ਸਤਿਗੁਰੂ ਨਾਨਕ ਉਸ ਵੇਲੇ ਆਇਆ।

ਜਦ ਡਾਂਗ ਦੂਈ ਦੀ ਹਰ ਪਾਸੇ ਖੜਕੀ,
ਅਤੇ ਏਕਤਾ ਵਾਲੀ ਗਰਦਨ ਸੀ ਝੜਕੀ।
ਜਦ ਵੈਰਾਂ ਵਿਰੋਧਾਂ ਦੀ ਅਗ ਸੀ ਭੜਕੀ,
ਤੇ ਜ਼ੁਲਮ ਸਿਤਮ ਦੀ ਬਿਜਲੀ ਸੀ ਕੜਕੀ।
ਜਦ ਦੁਨੀਆਂ ਨੇ ਦਿਲ ਤੋਂ ਸੀ ਪ੍ਰੇਮ ਭੁਲਾਇਆ,
ਤਦ ਕਾਲੂ ਜੀ ਦੇ ਘਰ ਨਾਨਕ ਆਇਆ।

ਕਰਤਾਰ ਦੀ ਪੂਜਾ ਨਾ ਕੋਈ ਕਰਦਾ,
ਨਾ ਸਿਧੇ ਰਾਹ ਤੇ ਕੋਈ ਪੈਰ ਸੀ ਧਰਦਾ।
ਸੀ ਵਿਚ ਭੁਲੇਖੇ ਜਗ ਖਪ ਖਪ ਮਰਦਾ,
ਤਦ ਖਾਂਦੇ ਸੀ ਗੋਤੇ ਨਾ ਕੋਈ ਸੀ ਤਰਦਾ।
ਖੁਦਗ਼ਰਜ਼ਾਂ ਨੇ ਜਿਸ ਦਮ ਸੀ ਰੌਲਾ ਪਾਇਆ,
ਤਦ ਬਾਬਾ ਨਾਨਕ ਨਣਕਾਣੇ 'ਚ ਆਇਆ ਹੈ।

-੮-