ਪੰਨਾ:ਚੰਦ ਤਾਰੇ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਅਸਾਂ ਸਾਫ ਕਹਿੰਦੇ ਕੀ ਤੇਰਾ ਗੁਵਾਇਆ?
ਅਸਾਂ ਦਸ ਕੇਹੜੀ ਤੇਰੀ ਕੀਤੀ ਖੁਨਾਮੀ,
ਤੂੰ ਤਦ ਵੀ ਸੁਵਾਮੀ ਤੇ ਹੁਣ ਵੀ ਸੁਵਾਮੀ।
ਤੇਰੇ ਬਾਜ ਦਸ ਦੇ ਖਾ ਕੀਹਨੂੰ ਧਿਆਈਏ?
ਕੀਹਨੂੰ ਚੀਰ ਕੇ ਦਿਲ ਦਾ ਹਾਲ ਦਿਖਾਈਏ?
ਤੇ ਕਿਧਰ ਨੂੰ ਜਾਈਏ ਕੀ ਰੱਬਾ ਬਣਾਈਏ?

ਅਮੀਰੀ ਦੀ ਚੱਕੀ ਨੇ ਡਾਹਡਾ ਹੈ ਦਲਿਆ,
ਹੈ ਪਾਣੀ ਸਬਰ ਦਾ ਸਿਰੋਂ ਵੱਧ ਚਲਿਆ।
ਨਾਂ ਢਿੱਡਾਂ ਦੇ ਤੰਦੂਰ ਸਾਡੇ ਤਪੀਵਨ,
ਹੈ ਵਰਤੀਆਂ ਠੰਡਾਂ ਨਾ ਚੁਲ੍ਹੇ ਭਖੀਵਨ।
ਲਾ ਲਤੇ ਨਾ ਟਲੇ ਨਾ ਜੁਸੇ ਢੁਕੀਵਨ,
ਪਲਮਦੀਆਂ ਲੀਰਾਂ ਤੇ ਔਖੇ ਨੇ ਜੀਵਨ।
ਨਾ ਕੰਮਾਂ ਨਾ ਕਾਰਾਂ ਥੀਂ ਪੈਂਦੀ ਹੈ ਪੂਰੀ,
ਨਾ ਮਿਲਦੀ ਕਿਤੋਂ ਢਿੱਡ ਭਰਵੀਂ ਮਜੂਰੀ।
ਨਾ ਜਿੰਨਸਾਂਂ ਦੇ ਭਾਵਾਂ ਦਾ ਕੋਈ ਮਚੇ ਬੱਨਾ,
ਅਠੇ ਪੈਹਰ ਕਰਦੇ ਰਹੀਏ ਅੱਨਾ ਅੱਨਾ।
ਹੈ ਲਾਹ ਲਈ ਹਟਾਂ ਵਾਲਿਆਂ ਮੂੰਹ ਤੋਂ ਲੋਈ,
ਕਰਨ ਇਕ ਦੇ ਦਸ ਨਾ ਪੁਛਦਾ ਹੈ ਕੋਈ।
ਨਾ ਏਹਨਾਂ ਨੂੰ ਡਰ ਹਾਕਮਾਂ ਅਫਸਰਾਂ ਦਾ,
ਨਾ ਤੇਰੇ ਅਵਤਾਰਾਂ ਨਾ ਪੈਗੰਬਰਾਂ ਦਾ।
ਨਾ ਤੇਰੇ ਅਸੂਲਾਂ ਕਾਨੂੰਨਾਂ ਨੂੰ ਮੰਨਣ,
ਨਾ ਲੁਕਮਾਨਾਂ ਨਾ ਅਫਲਾਤੂਨਾਂ ਨੂੰ ਮੰਨਣ।
ਨਹੀਂ ਕਾਲ ਇਨ੍ਹਾਂ ਨੂੰ ਹੋ ਕਾਲ ਸਾਡਾ,
ਇਹ ਕਰਦੇ ਨੇ ਮੌਜਾਂ ਮੰਦਾ ਹਾਲ ਸਾਡਾ।
ਤੇਰੇ ਬਾਜ ਦਸ ਦੇ ਖਾ ਕਿਹਨੂੰ ਧਿਆਈਏ,

-੮੯-