ਪੰਨਾ:ਚੰਦ ਤਾਰੇ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਕਿਹਨੂੰ ਚੀਰ ਕੇ ਦਿਲ ਦਾ ਹਾਲ ਵਿਖਾਈਏ।
ਤੇ ਕਿਧਰ ਨੂੰ ਜਾਈਏ ਕੀ ਰੱਬ ਜੀ ਬਣਾਈਏ।
ਹੈ ਇੰਝ ਅਮੀਰਾਂ ਦੀ ਦੁਨੀਆਂ ਨਿਰਾਲੀ,
ਉਹ ਇਸ ਕਾਲ ਵਿਚ ਮਾਣ ਦੇ ਨੇ ਖੁਸ਼ਹਾਲੀ।
ਨਾ ਜ਼ੁਲਮਾਂ ਦਾ ਭੈ ਹੈ ਨਾ ਪਾਪਾਂ ਦਾ ਡਰ ਹੈ,
ਨਾ ਦੁਖੀਆਂ ਦੇ ਹਉਕੇ ਸਰਾਪਾਂ ਦਾ ਡਰ ਹੈ।
ਨਾ ਜਾਂਦੇ ਗੁਰੂ ਘਰ, ਨਾ ਮਸਜਿਦ ਨਾ ਅੰਦਰ,
ਪਵਾ ਬੈਠੇ ਸਦੀਆਂ ਦੇ ਖਰਚਾਂ ਨੂੰ ਅੰਦਰ।
ਓਹ ਏਸੇ ਨੂੰ ਸਮਝਣ ਤੇਰੀ ਯਾਦ ਭਗਤੀ,
ਉਹ ਮਾਇਆ ਨੂੰ ਸਮਝਣ ਜ਼ਮਾਨੇ ਦੀ ਸ਼ਕਤੀ।
ਤੂੰ ਮਾਇਆ ਦੇ ਅੰਨ੍ਹੇ ਸੋਜਾਖੇ ਬਣਾਵੇਂ,
ਤੂੰ ਰਹਿਮਤ ਵਸਾਵੇਂ ਤੂੰ ਚਾਣਨ ਕਰਾਵੇਂ।
ਤੂੰ ਅਗਨੀ ’ਚੋਂ ਭਗਤਾਂ ਨੂੰ ਕਿਧਰੇ ਬਚਾਵੇਂ,
ਤੂੰ ਪਾਣੀ ਵਿਚੋਂ ਫੰਦ ਗਜ ਦੇ ਛੁਡਾਵੇਂ।
ਤੇਰੀ ਬੇਨਿਆਜ਼ੀ ਦੇ ਕੇਹੜੇ ਠਕਾਨੇ,
ਇਹ ਸਭ ਭੇਦ ਤੇਰੇ ਤੂੰਹੀਓ ਹੀ ਜਾਨੇਂ।
ਨਾ ਹੁਣ ਤੀਕ ਪਾਇਆ ਕਿਸੇ ਅੰਤ ਤੇਰਾ,
ਥੱਕਾ ਤਾਣ ਲਾ ਲਾ ਕੇ ਮੁੰਤਕ ਬਥੇਰਾ।
ਨਾ ਤੂੰ ਫ਼ਲਸਫੀ ਦੀ ਉਡਾਰੀ 'ਚਿ ਆਇਓਂ,
ਜੇ ਆਇਓਂ ਤੇ ਤੂੰ ਇਨਕਸਾਰੀ ’ਚਿ ਆਇਓਂ।
ਤਦੇ ਰਾਤ ਦਿਨ ਤੇਰੀ ਕਰਦੇ ਹਾਂ ਪੂਜਾ,
ਨਾ ਤੇਰੇ ਜਿਹਾ ਕੋਈ ਦਿਸਦਾ ਹੈ ਦੂਜਾ।
ਤੇਰੇ ਬਾਜ ਦਸਦੇ ਖਾਂ ਕਿਹਨੂੰ ਧਿਆਈਏ,
ਕਿਹਨੂੰ ਚੀਰ ਕੇ ਦਿਲ ਦਾ ਹਾਲਾ ਵਖਾਈਏ।
ਤੇ ਕਿਧਰ ਨੂੰ ਜਾਈਏ ਕੀ ਰੱਬ ਜੀ ਬਣਾਈਏ।

-੯੦-