ਪੰਨਾ:ਚੰਦ ਤਾਰੇ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਂਦਾ ਜਾਂਦਾ ਕੁੰਡੀਆਂ ਪਾਵੇ, ਕਈਆਂ ਦੇ ਦਿਲ ਖਿਚ ਲਿਆਵੇ।
ਜੀਵਨ ਪੰਧ ਨਿਬੇੜਨ ਖਾਤਰ, ਗੁਝੇ ਰੋਗ ਸਹੇੜਨ ਖਾਤਰ।
ਲੱਭੀ ਸਾਥਣ ਇਕ ਵਿਚਾਰੀ, ਘਰ ਦੇ ਧੰਦੇ ਪਈ ਖਵਾਰੀ।
ਚਾਹੁੰਦਾ ਸੀ ਦਿਲ ਖੁਸ਼ੀ ਮਨਾਸੀ,ਕੀ ਥੌਹ ਸੀ ਇਕ ਬਿਪਤਾ ਆਸੀ।
ਅਗਨ, ਆਥਨ, ਲੌਣ ਦੇ ਧੰਦੇ, ਰਿੰਨ੍ਹਣ ਅਤੇ ਪਕੌਣ ਦੇ ਧੰਦੇ।
ਗਲ ਗਲ ਫਸਿਆ ਫੇਰ ਮੈਂ ਡਿੱਠਾ,ਖੁਭਣ ਧਸਿਆ ਫੇਰ ਮੈਂ ਡਿੱਠਾ।

ਡਿੱਠਾ ਰੋ ਰੋ ਲੈਂਦਾ ਹਾਵੇ, ਖੋਤੇ ਵਾਂਗਰ ਲਦਿਆ ਆਵੇ।
ਦਗ਼ੇ ਫਰੇਬ ਤੇ ਝੂਠ ਮਕਾਰੀ, ਡਿਠੇ ਕਦੇ ਨਾ ਹੁੰਦੇ ਕਾਰੀ।
ਲੱਖਾਂ ਕੰਮ ਵਿਹਾਰ ਮਜੂਰੀ, ਡਿਠੇ ਕਦੇ ਨਾ ਪੈਂਦੀ ਪੂਰੀ।
ਖਪਦਾ ਮਰਦਾ ਝੱਟ ਲੰਘਾਵੇ, ਟੱਬਰ ਕਿਹੜੇ ਖੂਹ ਵਿਚ ਪਾਵੇ।
ਜਾਤਕ ਸ਼ੋਹਰ ਤੇ ਬਾਲ ਅੰਞਾਣੇ, ਦਿਤੇ ਰੱਬ ਨੇ ਬਖਸ਼ ਧੰਗਾਣੇ।
ਦੁਖ ਸੁਖ, ਝਖੜ ਝੋਲੇ ਦੇਖੇ, ਮਨਾਂ ਦੇ ਪਾਸੇ ਤੋਲੇ ਦੇਖੇ।
ਮਤਲਬ ਦੇ ਸਭ ਹੁੰਦੇ ਲੇਖੇ, ਭੈਣ ਵੀ ਦੇਖੀ ਭਾਈ ਦੇਖੇ।
ਜਿੱਨੀ ਉਮਰ ਵਿਹਾਈ ਦੇਖੀ, ਵਖ਼ਤਾਂ ਨਾਲ ਲੰਘਾਈ ਦੇਖੀ।

ਫੇਰ ਮੈਂ ਚਿਟੇ ਆਉਂਦੇ ਦੇਖੇ, ਕਾਲੇ ਰੰਗ ਵਟਾਉਂਦੇ ਦੇਖੇ।
ਦੰਦਾਂ ਮੂੰਹ ਵਿਚ ਹਿਲਜੁਲ ਲਾਈ, ਨੈਣਾਂ ਨੇ ਵੀ ਅੱਖ ਚੁਰਾਈ।
ਫੇਰ ਕਮੰਦੀਂ ਕੜਿਆ ਡਿਠਾ, ਚੋਰ ਸੀਨੇ ਵਿਚ ਵੜਿਆ ਡਿੱਠਾ।
ਮਾਲਾ ਫੇਰ ਫਰੇਂਦੀ ਡਿੱਠੀ, ਜੀਭਾ ਨਾਮ ਰਟੇਂਦੀ ਡਿੱਠੀ।
ਡਿੱਠਾ ਫੇਰ ਨਾ ਬਣਦਾ ਕੋਈ, ਨਾ ਡਿੱਠੀ ਦਰਗਾਹੇ ਢੋਈ।
ਧਾਗਾ ਹੁੰਦਾ ਖੱਦਾ ਡਿੱਠਾ, ਧੁਰ ਦਾ ਆਉਂਦਾ ਸੱਦਾ ਡਿੱਠਾ।
ਫੇਰ ਮੈਂ ਚਾਰ ਕੁ ਭਾਈ ਡਿੱਠੇ, ਕਰਦੇ ਵਾਹੋਦਾਹੀ ਡਿੱਠੇ।
'ਹਿੰਦੀ' ਜੰਗਲ ਡੇਰਾ ਡਿੱਠਾ,ਜੱਗ ਦਾ ਰੈਣ ਵਸੇਰਾ ਡਿੱਠਾ।

-੯੩-