( ਖ )
ਲੋਕਾਂ ਦੀ ਕਦਰ ਵਧ ਰਹੀ ਹੈ ਅਤੇ ਹੌਲੇ ੨ ਲੋਕ ਸਮਝ ਰਹੇ ਹਨ ਕਿ ਦੁਨੀਆਂ ਵਿਚ ਸ਼ਾਂਤੀ ਖੰਡੇ ਨਾਲ ਨਹੀਂ ਬਲਕਿ ਹੱਲ ਪੰਜਾਲੀ ਨਾਲ ਫੈਲੇਗੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਹੈ ਕਿ ਜਦ ਸੁਧਾਰ ਦੇ ਹੋਰ ਸਾਰੇ ਤਰੀਕੇ ਫੇਹਲ ਹੋ ਜਾਣ ਤਾਂ ਖੰਡੇ ਨੂੰ ਹਥ ਵਿਚ ਲੈਣਾ ਚਾਹੀਦਾ ਹੈ। ਪਰ ਯੂਰਪੀ ਕੌਮਾਂ ਇਸ ਪ੍ਰੇਮ ਵਾਲੇ ਅਸੂਲ ਨੂੰ ਭੁਲਕੇ ਸ਼ੁਰੂ ਵਿਚ ਹੀ ਪ੍ਰੇਮ ਦੀ ਥਾਂ ਖੰਡਾ ਫੜਨ ਦੇ ਹੱਕ ਵਿਚ ਰਹੀਆਂ ਹਨ। ਸ਼ੁਕਰ ਹੈ ਕਿ ਉਨ੍ਹਾਂ ਨੂੰ ਹੁਣ ਹੋਸ਼ ਆ ਰਹੀ ਹੈ।
ਮਹਾਤਮਾਂ ਜੀ ਦੀਆਂ ਕੁਝ ਕਹਾਣੀਆਂ ਦੇ ਆਧਾਰ ਤੇ ਮੈਂ ਇਹ ਬਾਰਾਂ ਕਹਾਣੀਆਂ ਲਿਖੀਆਂ ਹਨ। ਮਹਾਤਮਾਂ ਜੀ ਨੇ ਆਪ ਭੀ ਇਨ੍ਹਾਂ ਕਹਾਣੀਆਂ ਦੇ ਮਜ਼ਮੂਨ ਹਰਨਾਂ ਜ਼ਬਾਨਾਂ ਦੀਆਂ ਪੁਸਤਕਾਂ ਵਿਚੋਂ ਲਏ ਸਨ। ਮੈਂ ਕੋਸ਼ਿਸ਼ ਇਹ ਕੀਤੀ ਹੈ ਕਿ ਰੂਸੀ ਨਾਮ ਅਤੇ ਸੀਨ ਦੀ ਥਾਂ ਪੰਜਾਬੀ ਨਾਮ ਅਤੇ ਨਜ਼ਾਰੇ ਹੋਣ। ਜੀਵਨ ਦਾ ਸਵਾਲ ਸਾਰੇ ਇਨਸਾਨਾਂ ਲਈ ਇਕੋ ਜਿਹਾ ਹੈ, ਜੇਹੜੀਆਂ ਬੁਰਾਈਆਂ ਨੂੰ ਮਹਾਤਮਾਂ ਜੀ ਰੂਸੀ ਆਦਮੀਆਂ ਵਿਚੋਂ ਦੂਰ ਕਰਨਾ ਚਾਹੁੰਦੇ ਸਨ ਉਹ ਪੰਜਾਬੀ ਪੁਰਸ਼ਾਂ ਵਿਚ ਭੀ ਹਨ, ਇਸ ਲਈ ਸਿਖਿਆ ਸਾਰਿਆਂ ਵਾਸਤੇ ਸਾਂਝੀ ਹੈ॥
ਆਪਣੀ ਦੇਸ਼-ਬੋਲੀ ਦੀ ਸੇਵਾ ਦੇ ਖਿਆਲ ਤੇ ਇਹ ਕਹਾਣੀਆਂ ਪੁਸਤਕ ਦੀ ਸ਼ਕਲ ਵਿਚ ਪਾਠਕਾਂ ਦੀ ਭੇਟਾ ਹਨ, ਆਸ਼ਾ ਹੈ ਵਿਚਾਰਵਾਨ ਸਜਨ ਲਾਭ ਪ੍ਰਾਪਤ ਕਰਨਗੇ।
ਸਰਗੋਧਾ ੩ ਨਵੰਬਰ ੧੯੨੭ |
ਦਾਸ-ਅਭੈ ਸਿੰਘ ਬੀ. ਏ. ਬੀ. ਟੀ. |