ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( 92 )

ਮਰਜ਼ੀ। ਪਰ ਸੂਰਜ ਡੁਬਣ ਤੋਂ ਪਹਿਲਾਂ ਉਥੇ ਵਾਪਸ ਪਹੁੰਚ ਜਾਵੀਂ, ਵਲੀ ਹੋਈ ਸਾਰੀ ਧਰਤੀ ਤੇਰੀ ਹੋਵੇਗੀ?"

ਬੰਤਾ ਸਿੰਘ ਪ੍ਰਸੰਨ ਹੋ ਗਿਆ, ਰਾਤ ਉਸ ਦੀ ਭੀਲਾਂ ਨੇ ਚੰਗੀ ਖ਼ਾਤਰ ਕੀਤੀ ਤੇ ਬਿਸਤਰੇ ਤੇ ਪਿਆ ਸੋਚਨ ਲਗਾ:-"ਮੈਨੂੰ ਤਾਂ ਰਬ ਨੇ ਖ਼ਬਰੇ ਇਸ ਇਲਾਕੇ ਦੀ ਬਾਦਸ਼ਾਹੀ ਵਾਸਤੇ ਭੇਜਿਆ ਹੈ, ਮੈਂ ਬੜਾ ਤਕੜਾ ਟੋਟਾ ਵਲ ਲਵਾਂਗਾ, ਇਕ ਦਿਨ ਵਿਚ ਪੰਝੀ ਕੋਹ ਕਰਨਾ ਮੇਰੇ ਵਾਸਤੇ ਮਾਮੂਲੀ ਗਲ ਹੈ, ਪੰਝੀ ਕੋਹਾਂ ਵਿਚ ਤਾਂ ਮੈਂ ਇਕ ਰਿਆਸਤ ਵਲ ਲਵਾਂਗਾ। ਅਜ ਕਲ ਦਿਨ ਵੀ ਲੰਮੇ ਹਨ। ਚੰਗੀ ਜ਼ਮੀਨ ਮੈਂ ਆਪ ਵਾਹਾਂਗਾ ਤੇ ਮਾੜੀ ਠੇਕੇ ਤੇ ਦਿਆਂਗਾ। ਮੈਨੂੰ ਇਕ ਜੋੜੀ ਬਲਦਾਂ ਦੀ ਹੋਰ ਖਰੀਦਨੀ ਪਊ, ਇਤਿਆਦਿਕ।"

ਇਨ੍ਹਾਂ ਸੋਚਾਂ ਵਿਚ ਬੰਤਾ ਸਿੰਘ ਨੂੰ ਨੀਂਦਰ ਨਾਂ ਪਈ। ਪਰਭਾਤ ਹੋ ਗਈ ਤਾਂ ਉਸ ਨੂੰ ਊਂਘ ਆਈ, ਸੁਪਨਾ ਵੇਖਿਆ, ਉਹੋ ਸਰਦਾਰ ਵਾਲਾ ਤੰਬੂ ਹੈ ਤੇ ਬਾਹਰ ਕੋਈ ਹੱਸ ਰਿਹਾ ਹੈ। ਉਠ ਕੇ ਬਾਹਰ ਗਿਆ ਤਾਂ ਵੇਖਿਆ ਭੀਲਾਂ ਦਾ ਸਰਦਾਰ ਹਸਦਾ ਤੇ ਵਖੀਆਂ ਫੜਕੇ ਬੈਠਾ ਹੈ, ਨੇੜੇ ਜਾਕੇ ਬੰਤਾ ਸਿੰਘ ਨੇ ਪੁਛਿਆ- "ਕਿਉਂ ਹਸਦੇ ਹੋ" ਪਰ ਉਹ ਸਰਦਾਰ ਨਹੀਂ ਸੀ, ਹਿੰਦੂ ਜ਼ਿਮੀਂਦਾਰ ਸੀ, ਜਿਸ ਨੇ ਇਸ ਜ਼ਮੀਨ ਦਾ ਪਤਾ ਦਿਤਾ ਸੀ। ਬੰਤਾ ਸਿੰਘ ਪੁਛਣ ਲਗਾ - "ਤੁਸੀਂ ਇਥੇ ਕਦ ਦੇ ਆਏ ਹੋ? ਪਰ ਉਹ ਹਿੰਦੂ ਨਹੀਂ ਸੀ; ਉਹ ਤਾਂ ਬਹਾਵਲ ਪੁਰ ਵਾਲੀ