ਪੰਨਾ:ਚੰਬੇ ਦੀਆਂ ਕਲੀਆਂ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੬ )

ਹੋਵੇ, ਉਸ ਦੇ ਭਾਗਾਂ ਵਿਚ ਆਰਾਮ ਕਿਥੇ? ਸੂਰਜ ਕਿਸੇ ਦਾ ਲਿਹਾਜ਼ ਨਹੀਂ ਕਰਦਾ ਤੇ ਸਹਿਜੇ ਸਹਿਜੇ ਨੀਵਾਂ ਹੋ ਰਿਹਾ ਸੀ। ਹੁਣ ਬੰਤਾ ਸਿੰਘ ਸੋਚਣ ਲਗਾ ਮੈਂ ਬਹੁਤ ਦੂਰ ਚਲੇ ਜਾਣ ਦੀ ਗਲਤੀ ਕੀਤੀ ਹੈ। ਜੇ ਹੁਣ ਸੂਰਜ ਡੁੱਬਣ ਤੋਂ ਪਹਿਲਾਂ ਨਾ ਪਹੁੰਚਿਆ ਤਾਂ ਮੇਰਾ ਕੀ ਹਾਲ ਬਣੂੰ। ਜਦੋਂ ਪਹਾੜੀ ਵਲ ਵੇਖਉਸ ਤਾਂ ਉਹ ਅਜੇ ਬੜੀ ਦੂਰ ਸੀ। ਜਦ ਸੂਰਜ ਵਲ ਵੇਖੇ ਤਾਂ ਉਸਦਾ ਹੌਂਸਲਾ ਟੁਟੇ। ਹੰਬਲਾ ਮਾਰਕੇ ਤੁਰਦਾ ਗਿਆ। ਤੁਰਨਾ ਬੜਾ ਔਖਾ ਸੀ, ਪਰ ਉਸ ਨੇ ਭੀ ਤ੍ਰਿਖੇ ਕਦਮ ਸੁਟੇ। ਜਿਉਂ ੨ ਤੇਜ਼ ਹੋਵੇ ਤਿਉਂ ੨ ਪਹਾੜੀ ਦੂਰ ਦਿਸੇ। ਹੁਣ ਉਸਨੇ ਆਪਣੀ ਕਮੀਜ਼, ਜੁਤੀ, ਲੋਟਾ ਤੇ ਪਗ ਪਰ੍ਹੇ ਸੁਟ ਦਿਤੀਆਂ ਤੇ ਇਕੋ ਕਹੀ ਹਥ ਵਿਚ ਫੜਕੇ ਭਜਣਾ ਸ਼ੁਰੂ ਕੀਤਾ। ਫਿਰ ਸੋਚੇ-"ਮੈਂ ਕਿੰਨੀ ਮੂਰਖਤਾ ਕੀਤੀ, ਬਹੁਤੀ ਨੂੰ ਜੱਫਾ ਮਾਰਕੇ ਸਾਰੀ ਗਵਾ ਲਈ। ਹੁਣ ਸੂਰਜ ਡੁੱਬਣ ਤੋਂ ਪਹਿਲੇ ਮੈਂ ਵਾਪਸ ਨਹੀਂ ਪਹੁੰਚ ਸਕਦਾ।"

ਇਸ ਡਰ ਨਾਲ ਉਸਦਾ ਸਾਹ ਹੋਰ ਸੁਕ ਗਿਆ। ਉਹ ਦੌੜਦਾ ਰਿਹਾ। ਮੁੜ੍ਹਕੇ ਨਾਲ ਲਕ ਵਾਲੀ ਚਾਦਰ ਗਿਲੀ ਹੋ ਗਈ, ਮੁੰਹ ਸੁੱਕਾ ਹੋਇਆ ਸੀ, ਛਾਤੀ ਲੁਹਾਰ ਦੀਆਂ ਖੱਲਾਂ ਵਾਗੂੰ ਉਚੀ ਨੀਵੀਂ ਹੁੰਦੀ ਸੀ, ਦਿਲ ਹਥੌੜੇ ਵਾਂਗ ਟਕੋਰਾਂ ਮਾਰਦਾ ਸੀ ਤੇ ਲਤਾਂ ਇਉਂ ਡਿਗਦੀਆਂ ਸਨ, ਜਿਵੇਂ ਆਪਣੀਆਂ ਨਾਂ ਹੋਣ। ਬੰਤਾ ਸਿੰਘ ਨੂੰ ਡਰ ਪਿਆ ਕਿ ਕਿਤੇ ਮਰ ਚਲਿਆ ਹਾਂ।