ਪੰਨਾ:ਚੰਬੇ ਦੀਆਂ ਕਲੀਆਂ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( 98 )

ਲਗਾ ਸੀ ਪਰ ਭੀਲ ਉਸ ਨੂੰ ਅਜੇ ਵੀ ਹੱਲਾ ਸ਼ੇਰੀ ਦੇ ਰਹੇ ਸਨ। ਉਸਨੇ ਸੋਚਿਆ, ਮੈਨੂੰ ਟਿਬੇ ਦੇ ਤਲੇ ਖੜੇ ਹੋਏ ਨੂੰ ਸੂਰਜ ਡੁਬ ਗਿਆ ਜਾਪਦਾ ਹੈ ਪਰ ਟਿਬੇ ਵਾਲਿਆਂ ਨੂੰ ਅਜੇ ਕੁਝ ਦਿਸਦਾ ਹੋਣਾ ਹੈ। ਉਸਨੇ ਇਕ ਲੰਮਾ ਸਾਹ ਲੈਕੇ ਟਿਬੇ ਉਪਰ ਚੜ੍ਹਨ ਦਾ ਯਤਨ ਕੀਤਾ। ਉਤੇ ਅਜੇ ਚਾਨਣਾਂ ਸੀ। ਟੋਪੀ ਦੇ ਨੇੜੇ ਜਾਕੇ ਉਸਨੇ ਵੇਖਿਆ, ਭੀਲਾਂ ਦਾ ਸਰਦਾਰ ਹਸਦਾ ਹੋਇਆ ਵੱਖੀਆਂ ਫੜੀ ਬੈਠਾ ਹੈ। ਉਸ ਨੂੰ ਆਪਣਾ ਸੁਫਨਾ ਫਿਰ ਚੇਤੇ ਆਇਆ। ਇਕ ਚੀਕਨਿਕਲੀ। ਉਸਦੀਆਂ ਲਤਾਂ ਵਿਚ ਤਾਕਤ ਨਾਂ ਰਹੀ। ਮੂੰਹ ਦੇ ਭਾਰ ਅਗੇ ਡਿਗਾ ਤੇ ਹਥ ਟੋਪੀ ਨੂੰ ਜਾ ਲਗਾ। ਭੀਲਾਂ ਦੇ ਸਰਦਾਰ ਨੇ ਕਿਹਾ ਇਹ ਬੜਾ ਬਹਾਦਰ ਹੈ, ਇਸ ਨੇ ਬੜੀ ਜ਼ਮੀਨ ਮੱਲੀ ਹੈ।

ਬੰਤਾ ਸਿੰਘ ਦਾ ਨੌਕਰ ਦੌੜਦਾ ਆਇਆ ਤੇ ਡਿਗੇ ਹੋਏ ਨੂੰ ਉਠਾਣ ਲੱਗਾ। ਪਰ ਉਸ ਨੇ ਵੇਖਿਆ ਜੋ ਬੰਤਾ ਸਿੰਘ ਦੇ ਮੂੰਹ ਵਿਚੋਂ ਲਹੂ ਵਗ ਰਿਹਾ ਹੈ ਤੇ ਉਹ ਮਰ ਚੁਕਾ ਹੈ ।

ਨੌਕਰ ਨੇ ਕਹੀ ਫੜੀ ਤੇ ਇਲਾਕੇ ਦੇ ਰਿਵਾਜ ਅਨਸਾਰ ਬੰਤਾ ਸਿੰਘ ਨੂੰ ਉਥੇ ਦਫਨਾ ਦਿਤਾ। ਸਿਰ ਤੋਂ ਲੈਕੇ ਪੈਰਾਂ ਤਕ ਬੰਤਾ ਸਿੰਘ ਨੂੰ ਸਾਢੇ ਤਿੰਨ ਹਥ ਧਰਤੀ ਦੀ ਲੋੜ ਸੀ:-

"ਕਬੀਰ ਕੋਠੇ ਮੰਡਪ ਹੇਤੁ ਕਰ ਕਾਹੇ ਮਰਹੁ ਸਵਾਰਿ।
ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥੨੧੮॥"
"ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰੇਦੇ ਭੀ ਗਏ।।
ਕੂੜਾ ਸੌਦਾ ਕਰਿ ਗਏ ਗੋਰੀ ਆਇ ਪਏ ॥੪੬।।"