ਪੰਨਾ:ਚੰਬੇ ਦੀਆਂ ਕਲੀਆਂ.pdf/135

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੨੪ )

ਨਾਨਾ ਚਲਤ ਕਰੇ ਖਿਨ ਮਾਹਿ॥
ਪੁਰਿ ਰਹਿਓ ਪੂਰਨੁ ਸਭ ਠਾਇ॥
ਨਾਨਾ ਬਿਧ ਕਰਿ ਬਨਤ ਬਨਾਈ॥
ਅਪਨੀ ਕੀਮਤ ਆਪੇ ਪਾਈ॥
ਸਭ ਘਟ ਤਿਸਕੇ ਸਭ ਤਿਸਕੇ ਠਾਉ॥
ਜਪਿ ਜਪਿ ਜੀਵੈ ਨਾਨਕ ਹਰਿ ਨਾਉ॥

ਇਥੇ ਪਹੁੰਚਕੇ ਉਸ ਨੂੰ ਖਿਆਲ ਆਇਆ 'ਜੇ ਰਬ ਸਾਰੇ ਘਟਾਂ ਵਿਚ ਵਸਦਾ ਹੈ ਅਰ ਸਾਰੇ ਨਾਉਂ ਉਸ ਦੇ ਹੀ ਹਨ, ਤਾਂ ਮੈਨੂੰ ਕਿਉਂ ਨਹੀਂ ਦਿਸਦਾ? ਕੀ ਮੈਨੂੰ ਭੀ ਕਦੇ ਰਬ ਦੇ ਦਰਸ਼ਨ ਹੋਣਗੇ। ਦਰਸ਼ਨ ਨਾਲ ਸ਼ਾਂਤੀ ਆਉਣੀ ਹੈ ਅਰ ਦਰਸ਼ਨ ਘਟਾਂ ਵਿਚ ਵਸਕੇ ਦੇਂਦਾ ਹੈ। ਮੈਨੂੰ ਭੀ ਕਦੀ ਝਲਕਾਰਾ ਵਜੇਗਾ?' ਇਹੀ ਸੋਚਦਿਆਂ ਸੰਤੂ ਨੂੰ ਨੀਂਦਰ ਆ ਗਈ। ਦੀਵਾ ਜਗਦਾ ਰਿਹਾ ਅਤੇ ਸੰਤੂ ਊਂਘਦਾ ਰਿਹਾ। ਅਚਨਚੇਤ ਉਸ ਨੂੰ ਆਵਾਜ ਕੰਨੀ ਪਈ। ਇਹ ਆਵਾਜ਼ ਇਉਂ ਸੀ, ਜਿਦਾਂ ਕੋਈ ਉਸ ਦੇ ਕੰਨ ਦੇ ਪਾਸ ਬੋਲ ਰਿਹਾ ਹੋਵੇ। ਤ੍ਰਬਕਕੇ ਸੰਤੁ ਜਾਗਿਆ ਅਤੇ ਕਿਹਾ-'ਕੌਣ ਹੈ' ਉਸ ਨੇ ਚਾਰੇ ਪਾਸੇ ਵੇਖਿਆ, ਦਰਵਾਜ਼ੇ ਵਲ ਵੇਖਿਆ, ਉਧਰ ਭੀ ਕੋਈ ਨਹੀਂ ਸੀ। ਉਸ ਨੇ ਡਰਦਿਆਂ ਹੌਲੀ ਜਿਹੀ ਫੇਰ ਕਿਹਾ- 'ਕੌਣ ਹੈ?' ਤਾਂ ਉਸ ਨੂੰ ਬਿਲਕੁਲ ਸਾਫ ਅਰ ਬਰੀਕ ਆਵਾਜ਼ ਕੰਨੀ ਪਈ- 'ਸੰਤੂ ਕਲ੍ਹ ਮੈਂ ਤੇਰੀ ਗਲੀ ਆਵਾਂਗਾ। ਮੈਨੂੰ ਵੇਖਣਾ ਈਂ ਤਾਂ ਉਡੀਕੀਂਂ।'