( ੧੪੯ )
ਪਏ । ਰਾਮਦਾਸ ਤਾਂ ਪਿੰਡੋਂ ਬਾਹਰ ਨਿਕਲਦੇ ਸਾਰ ਧੰਧੇ ਭੁਲ ਗਿਆ ਅਤੇ ਰਾਹ ਵਿਚ ਕਿਸੇ ਵੇਲੇ ਗਾਇਤ੍ਰੀ ਪੜ੍ਹਦਾ ਸੀ, ਕਿਸੇ ਵੇਲੇ ਗੀਤਾ ਦਾ ਕੋਈ ਧਿਆਇ ਜ਼ਬਾਨੀ ਬੋਲਦਾ ਸੀ ਤੇ ਰਾਹ ਜਾਂਦੇ ਲੋਕਾਂ ਨਾਲ ਬਹੁਤ ਪਰੇਮ ਕਰਦਾ ਸੀ । ਇਸ ਪਰਕਾਰ ਉਹ ਨੇਕ ਆਦਮੀ ਬਣਨ ਦੇ ਯਤਨ ਵਿਚ ਸੀ । ਬਾਕੀ ਇਲਤਾਂ ਤਾਂ ਉਸ ਨੇ ਛਡ ਦਿਤੀਆਂ, ਪਰ ਨਸਵਾਰ ਨ ਛਡੀ ਗਈ, ਇਸ ਦੀ ਚੂੰਢੀ ਉਹ ਚੋਰੀ ਛਪੀ ਲੈ ਲੈਂਦਾ ਸੀ ।
ਸ਼ਾਮਦਾਸ ਭੀ ਤੁਰਿਆ ਤਾਂ ਜਾਂਦਾ ਸੀ, ਪਰ ਮਨ ਉਤੇ ਚਿੰਤਾ ਦੇ ਬੱਦਲ ਸਨ, ਉਸ ਨੂੰ ਕਈ ਗਲਾਂ ਚੇਤੇ ਆਈਆਂ ਜਿਹੜੀਆਂ ਆਪਣੇ ਪੁਤਰਾਂ ਨੂੰ ਆਖਣੀਆਂ ਭੁਲ ਗਿਆ ਸੀ, ਉਸ ਨੂੰ ਯਾਦ ਆਇਆ ਕਿ ਮੁੰਡੇ ਆਲੂਆਂ ਦਾ ਬੀਜ ਐਵੇਂ ਖ਼ਰਾਬ ਕਰ ਦੇਣਗੇ । ਉਸ ਦਾ ਜੀ ਤਾਂ ਕਰਦਾ ਸੀ ਕਿ ਇਕ ਵਾਰੀ ਮੁੜ ਜਾਵਾਂ ਅਤੇ ਸਾਰੀਆਂ ਗਲਾਂ ਸਮਝਾ ਆਵਾਂ, ਪਰ ਸ਼ਰਮੋਂ ਕੁਸ਼ਰਮੀ ਤੁਰਿਆ ਜਾਂਦਾ ਸੀ ।
(੩)
ਦੋਹਾਂ ਨੂੰ ਘਰੋਂ ਟੁਰਿਆਂ ਹੋਇਆਂ ਇਕ ਮਹੀਨਾ ਬੀਤ ਗਿਆ। ਰਸਤੇ ਵਿਚ ਜਦ ਪੰਜਾਬ ਵਿਚੋਂ ਲੰਘੇ ਤਾਂ ਕਈ ਘਰਾਂ ਵਿਚ ਧਰਮੀ ਹਿੰਦੂਆਂ ਨੇ ਇਹਨਾਂ ਨੂੰ ਤੀਰਥ ਯਾਤਰੀ ਸਮਝਕੇ ਆਦਰ ਭਾ ਤੇ ਸੇਵਾ ਕੀਤੀ । ਜਦ ਤੁਰਦੇ ੨ ਦੁਆਬੇ ਵਿਚ ਪਹੁੰਚੇ ਤਾਂ ਭਾਣਾ ਕਰਤਾਰ ਦਾ ਉਸ ਸਾਲ ਇਲਾਕੇ ਵਿਚ ਕਾਲ