ਪੰਨਾ:ਚੰਬੇ ਦੀਆਂ ਕਲੀਆਂ.pdf/179

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੧੬੮ )

ਤਾਂ ਪ੍ਰਦੇਸੀਆਂ ਦੇ ਦਾਸ ਹਾਂ, ਸਾਨੂੰ ਇਕ ਪ੍ਰਦੇਸੀ ਨੇ ਜੀਵਨ ਜੁਗਤੀ ਦਸੀ, ਅਸੀਂ ਆਪਣੇ ਕੁਕਰਮਾਂ ਦੇ ਕਾਰਨ ਰਬ ਨੂੰ ਭੁਲਾ ਬੈਠੇ ਸਾਂ ਤੇ ਰਬ ਨੇ ਸਾਨੂੰ ਅਜਿਹੀ ਸਜ਼ਾ ਦਿੱਤੀ ਜੋ ਅਸੀਂ ਮਰਨ ਮਰਾਂਦ ਹੋ ਗਏ। ਪਿਛਲੇ ਸਿਆਲੇ ਅਸੀਂ ਸਾਰੇ ਬੀਮਾਰ ਪੈ ਗਏ ਤੇ ਖਾਣ ਨੂੰ ਸਾਡੇ ਘਰ ਫੱਕਾ ਵੀ ਨਾ ਰਿਹਾ। ਅਸੀਂ ਐਵੇਂ ਵਿਲੂੰ ੨ ਕਰਦੇ ਮਰ ਜਾਣਾ ਸੀ, ਪਰ ਅਕਾਲ ਪੁਰਖ ਨੇ ਮੇਹਰ ਕਰਕੇ ਸਾਡੀ ਮਦਦ ਲਈ ਇਕ ਬਿਰਧ ਸਰੀਰ ਭੇਜਿਆ। ਉਹ ਤੁਹਾਡੀ ਹੀ ਉਮਰ ਦਾ ਸੀ, ਉਹ ਸਾਡੇ ਘਰ ਪਾਣੀ ਦਾ ਘੁਟ ਮੰਗਣ ਆਇਆ ਤੇ ਅਸਾਡੀ ਤਰਸ ਯੋਗ ਦਸ਼ਾ ਵੇਖਕੇ ਠਹਿਰ ਪਿਆ, ਉਸ ਨੇ ਸਾਡੇ ਅੰਨ ਦਾਣੇ ਦਾ ਪ੍ਰਬੰਧ ਕੀਤਾ, ਸਾਡੀ ਸੇਵਾ ਕੀਤੀ, ਸਾਡੀ ਗਹਿਣੇ ਪਈ ਭੁਏਂ ਮੁੜਾ ਦਿਤੀ ਅਤੇ ਇਕ ਬੌਲਦਾਂ ਦੀ ਜੋੜੀ ਸਾਨੂੰ ਲੈਕੇ ਦੇ ਗਿਆ।"

ਇਸ ਦੀ ਗਲ ਵਿਚੋਂ ਟੁਕਕੇ ਮਾਈ ਦੀ ਨੂੰਹ ਆਖਣ ਲਗੀ:- "ਪਤਾ ਨਹੀਂ ਉਹ ਆਦਮੀ ਸੀ ਕਿ ਰੱਬ ਨੇ ਕੋਈ ਦੇਵਤਾ ਸਾਡੀ ਮਦਦ ਨੂੰ ਭੇਜਿਆ ਸੀ। ਉਸ ਨੇ ਸਾਡੇ ਪਰ ਦਇਆ ਕੀਤੀ ਤੇ ਮੇਹਰ ਕੀਤੀ। ਜਾਂਦਿਆਂ ਆਪਣਾ ਨਾਮ ਭੀ ਦਸਕੇ ਨਹੀਂ ਗਿਆ, ਅਸੀਂ ਉਸ ਨਾਮ ਹੀਣ ਹਸਤੀ ਨੂੰ ਅਸੀਸਾਂ ਪਏ ਦੇਦੇ ਹਾਂ। ਮੈਨੂੰ ਹੁਣ ਵੀ ਚੇਤੇ ਹੈ ਮੈਂ ਇਕ ਖੂੰਜੇ ਵਿਚ ਪਈ ਮੌਤ ਨੂੰ ਉਡੀਕਦੀ ਸਾਂ, ਉਹ ਬੁਢਾ, ਮਨੁਖ ਅੰਦਰ ਆਇਆ ਤੇ ਪਾਣੀ ਦਾ ਘੁਟ ਮੰਗਣ ਲਗਾ।