( ੧੩ )
ਫਿਰ ਰਿਹਾ ਸੀ ਕਿ ਉਸ ਨੂੰ ਇਕ ਥਾਂ ਤੋਂ ਮਿੱਟੀ ਕਿਰਦੀ ਨਜ਼ਰ ਪਈ, ਉਹ ਇਸ ਦਾ ਕਾਰਨ ਢੂੰਡਣ ਲਈ ਉਥੇ ਹੀ ਠਹਿਰ ਗਿਆ ਤਾਂ ਲੁਕਿਆ ਹੋਇਆ ਰਹੀਮਾ ਘਬਰਾਕੇ ਉਸ ਦੇ ਸਾਹਮਣੇ ਆ ਗਿਆ।
ਰਘਬੀਰ ਸਿੰਘ ਬੇਪਰਵਾਹੀ ਨਾਲ ਉਥੋਂ ਟੁਰਨ ਹੀ ਲਗਾ ਸੀ, ਪਰੰਤੂ ਰਹੀਮੇ ਨੇ ਉਸ ਦੀ ਬਾਂਹ ਫੜ ਲਈ ਅਤੇ ਦਸਣ ਲਗਾ ਕਿ ਮੈਂ ਜੇਹਲ ਦੀ ਦੀਵਾਰ ਵਿਚੋਂ ਸੂਰਾਖ ਕਰ ਰਿਹਾ ਹਾਂ, ਅਰ ਰੋਜ਼ ਥੋੜੀ ੨ ਮਿਟੀ ਆਪਣੀ ਜੁਤੀ ਵਿਚ ਪਾ ਲੈਂਦਾ ਹਾਂ, ਤੇ ਜਦੋਂ ਬਾਹਰ ਕੰਮ ਕਰਨ ਜਾਂਦੇ ਹਾਂ ਓਦੋਂ ਸੁਟ ਆਉਂਦਾ ਹਾਂ, ਜੇ ਤਾਂ ਤੂੰ ਚੁਪ ਰਖੇਂ ਤਾਂ ਮੈਂ ਤੈਨੂੰ ਭੀ ਇਸੇ ਮੋਰੇ ਦੇ ਰਾਹੀਂ ਬਾਹਰ ਕਢ ਦਿਆਂਗਾ ਤੇ ਆਪ ਭੀ ਨਿਕਲ ਜਾਵਾਂਗਾ, ਪਰ ਜੇ ਤੂੰ ਮੇਰੇ ਤੇ ਚੁਗਲੀ ਕੀਤੀ ਤਾਂ ਭਾਵੇਂ ਉਹ ਮੈਨੂੰ ਹੁਣ ਬੈਂਤ ਮਾਰ ਲੈਣਗੇ ਪਰ ਉਸ ਤੋਂ ਪਿਛੋਂ ਮੈਂ ਤੇਰੀ ਮਿੱਟੀ ਖੁਆਰ ਕਰਾਂਗਾ, ਮੈਂ ਤੈਨੂੰ ਮਾਰ ਸੁਟਾਂਗਾ।
ਜਦੋਂ ਰਘਬੀਰ ਸਿੰਘ ਨੇ ਆਪਣੇ ਵੈਰੀ ਨੂੰ ਵੇਖਿਆ ਤਾਂ ਗੁਸੇ ਨਾਲ ਉਸਦਾ ਮੂੰਹ ਲਾਲ ਹੋ ਗਿਆ ਸਾਰਾ ਸਰੀਰ ਕੰਬ ਉਠਿਆ। ਇਕ ਝਟਕੇ ਨਾਲ ਉਸ ਨੇ ਆਪਣੀ ਬਾਂਹ ਰਹੀਮੇ ਦੇ ਹਥੋਂ ਛੁੜਾ ਲਈ ਤੇ ਆਖਿਆ:'ਮੈਨੂੰ ਨਸ ਜਾਣ ਦਾ ਕੋਈ ਲਾਭ ਨਹੀਂ ਤੇ ਜੇਹੜਾ ਮੈਨੂੰ ਮਾਰ ਸੁਟਣ ਦਾ ਡਰਾਵਾ ਦੇਂਦਾ ਏਂ ਤੂੰ ਮੈਨੂੰ ਅਜ ਤੋਂ ਛਬੀ ਸਾਲ ਪਹਿਲਾਂ ਦਾ ਮਾਰ ਚੁਕਾ ਹੈਂ, ਤੇਰੇ ਉਤੇ ਚੁਗਲੀ ਕਰਾਂਗਾ ਜਾਂ ਨਾਂ, ਇਸ ਵਿਚ ਜਿਵੇਂ ਮੇਰੇ ਕਰਤਾਰ ਦੀ ਮਰਜ਼ੀ ਹੋਵੇਗੀ ਉਸੇ ਤਰਾਂ ਹੋਵੇਗਾ।'