ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੩੪ )

ਦੱਸ, ਕਸੂਰ ਕਿਸਦਾ ਹੈ?

ਹੁਣ ਬਹਾਦਰ ਸਿੰਘ ਨੂੰ ਹੋਸ਼ ਆਈ ਤੇ ਉਹਦੀਆਂ ਅੱਖਾਂ ਖੁਲ੍ਹੀਆਂ, ਕਹਿਣ ਲਗਾ "ਕਸੂਰ ਮੇਰਾ ਹੈ।" ਹੱਥ ਜੋੜਕੇ ਬਾਪੂ ਦੇ ਕੋਲ ਬੈਠ ਗਿਆ: "ਬਾਪੂ ਮੈਨੂੰ ਖਿਮਾਂ ਕਰ, ਮੈਂ ਤੇਰਾ ਤੇ ਰੱਬ ਦਾ ਦੇਣਦਾਰ ਹਾਂ।"

ਬੁੱਢੇ ਨੇ ਸੱਜੀ ਬਾਂਹ ਹਿਲਾਣ ਦਾ ਯਤਨ ਕੀਤਾ, ਪਰ ਬਾਂਹ ਨਾਂ ਹਿੱਲੀ, ਉਸਦੇ ਮੂੰਹੋਂ ਦੋ ਚਾਰ ਵਾਰੀ ਵਾਹਿਗੁਰੂ, ਵਾਹਿਗੁਰੂ, ਨਿਕਲ ਗਿਆ, ਆਪਣੀਆਂ ਦ੍ਰਿਸ਼ਟ ਹੀਨ ਅੱਖਾਂ ਪੁਤਰ ਵੱਲ ਕਰਕੇ ਕਹਿਣ ਲੱਗਾ:

"ਬਹਾਦਰ ਸਿੰਘਾ, ਓਏ ਬਹਾਦਰ ਸਿੰਘਾ।"

"ਜੀ ਬਾਪੂ"

"ਹੁਣ ਤੂੰ ਕੀ ਕਰਨਾ ਹੈਂ?"

ਬਹਾਦਰ ਸਿੰਘ ਰੋ ਰਿਹਾ ਸੀ: "ਪਤਾ ਨਹੀਂ, ਬਾਪੂ, ਦੱਸ ਹੁਣ ਕਿਵੇਂ ਗੁਜ਼ਾਰਾ ਕਰੀਏ?"

ਬੁੱਢੇ ਦੀਆਂ ਹੁਣ ਸਾਰੀਆਂ ਦੁਨਿਆਵੀ ਸ਼ਕਤੀਆਂ ਖਤਮ ਹੋ ਚਲੀਆਂ ਸਨ, ਬੁਝਣ ਵਾਲੀ ਬੱਤੀ ਦੀ ਅਖ਼ੀਰੀ ਜੋਤ ਵਾਂਗ ਉਸਨੇ ਹੌਲੇ ਹੌਲੇ ਕਿਹਾ:

"ਆਪੇ ਗੁਜ਼ਾਰਾ ਕਰੇਂਗਾ, ਤੂੰ ਰੱਬ ਦਾ ਹੁਕਮ ਮੰਨ, ਗੁਰੂ ਤੇਰੀ ਪੈਜ ਰਖੇਗਾ, ਸੁਣ ਓਇ ਬਹਾਦਰ ਸਿੰਘਾ! ਅੱਗ ਲਾਣ ਵਾਲੇ ਦਾ ਨਾਮ ਨਾ ਦਸੀਂ। ਤੂੰ ਦੂਜੇ ਦਾ ਪਰਦਾ ਕੱਜ, ਰੱਬ ਤੇਰਾ ਪਰਦਾ ਕਜੇਗਾ। ਵਾਹਿਗੁਰੂ, ਵਾਹਿਗੁਰੂ ਵਾਹ:-।"ਇਉਂ ਕਹਿੰਦਿਆਂ ਬੁੱਢਾ ਇਸ ਅਸਾਰ ਸੰਸਾਰ ਤੋਂ ਕੂਚ ਕਰ ਗਿਆ। ਬੂੰਦ ਸਾਗਰ ਵਿਚ ਰਲ ਗਈ।