( ੫੭ )
ਮੰਗਲਵਾਰ ਨੂੰ ਮਰਿਆ ਤੇ ਇਹ ਸ਼ੁਕਰਵਾਰ ਨੂੰ ਜੰਮੀਆਂ ਪਰ ਉਸੇ ਦਿਨ ਇਨ੍ਹਾਂ ਦੀ ਮਾਂ ਭੀ ਮਰ ਗਈ। ਇਨ੍ਹਾਂ ਦਾ ਬਾਪ ਲਕੜਹਾਰਾ ਸੀ। ਇਕ ਦਰਖਤ ਉਸ ਉਪਰ ਡਿੱਗਾ ਤੇ ਘਰ ਪਹੁੰਚਣ ਤੋਂ ਪਹਿਲਾਂ ਉਹ ਨਿਰੰਕਾਰ ਦੇ ਦੇਸ ਪਹੁੰਚ ਗਿਆ। ਸ਼ੁਕਰਵਾਰ ਨੂੰ ਇਹ ਕੁੜੀਆਂ ਜੰਮੀਆਂ। ਮੈਂ ਦੂਜੇ ਦਿਨ ਇਨ੍ਹਾਂ ਦੇ ਘਰ ਗਈ, ਇਹ ਸਾਡੇ ਹਮਸਾਏ ਸਨ, ਘਰ ' ਵਿਚ ਜਾਕੇ ਮੈਂ ਵੇਖਿਆ, ਇਨਾਂ ਦੀ ਮਾਂ ਮਰਕੇ ਲਕੜ ਹੋਈ ਪਈ ਹੈ ਤੇ ਕੁੜੀਆਂ ਦੋਵੇਂ ਜੀਂਵਦੀਆਂ ਹਨ। ਮਰਨ ਲਗਿਆਂ ਮਾਂ ਦੀ ਲੱਤ ਇਕ ਕੁੜੀ ਦੇ ਖਬੇ ਪੈਰ ਤੇ ਆ ਗਈ ਤੇ ਇਹ ਲੰਗੜੀ ਹੋ ਗਈ। ਜਦ ਗੁਆਂਢੀਆਂ ਨੇ ਕਠੇ ਹੋਕੇ ਇਨ੍ਹਾਂ ਦੀ ਮਾਂ ਦਾ ਸਸਕਾਰ ਕੀਤਾ ਤਾਂ ਮੈਨੂੰ ਸਾਰਿਆਂ ਨੇ ਆਖਿਆ ਜੋ ਇਨ੍ਹਾਂ ਕੁੜੀਆਂ ਨੂੰ ਹਾਲਾਂ ਪਾਲੋ, ਪਿਛੇ ਕੁਝ ਹੋਰ ਸਲਾਹ ਕਰਾਂਗੇ, ਮੇਰਾ ਮੁੰਡਾ ਦੋ ਮਹੀਨੇ ਦਾ ਸੀ, ਮੈਂ ਜਵਾਨ ਸਾਂ ਤੇ ਖੁਰਾਕ ਭੀ ਚੰਗੀ ਖਾਂਦੀ ਸਾਂ, ਮੇਰੀ ਛਾਤੀ ਵਿਚ ਦੁਧ ਇਤਨਾਂ ਜ਼ਿਆਦਾ ਹੋ ਗਿਆ ਕਿ ਤਿੰਨਾਂ ਨੂੰ ਪਾਲਦੀ ਰਹੀ। ਦੋ ਸਾਲ ਪਿਛੋਂ ਮੇਰਾ ਮੁੰਡਾ ਤਾਂ ਮਰ ਗਿਆ ਪਰ ਇਹ ਦੋਨੋਂ ਜੀਂਦੀਆਂ ਰਹੀਆਂ। ਲੰਗੜੀ ਨੂੰ ਪਹਿਲਾਂ ਮੈਂ ਥੋੜਾ ਦੁਧ ਚੁੰਘਾਂਦੀ ਸਾਂ ਪਰ ਫੇਰ ਮੇਰੇ ਮਨ ਵਿਚ ਦਇਆ ਆਈ ਭਈ ਇਹ ਭੀ ਰਬ ਦਾ ਜੀਵ ਹੈ। ਇਸ ਵੇਲੇ ਮੈਨੂੰ ਲੰਗੜੀ ਵਧੇਰੇ ਪਿਆਰੀ ਲਗਦੀ ਹੈ।"
ਇਹ ਆਖਕੇ ਉਸ ਜ਼ਨਾਨੀ ਨੇ ਲੰਗੜੀ ਕੁੜੀ ਨੂੰ ਚੁੰਮਿਆਂ ਤੇ ਜੁਤੀਆਂ ਦੀ ਸਾਈ ਦੇਕੇ ਟੁਰਦੀ ਹੋਈ। ਹਰੀ ਦੂਤ ਓਨ੍ਹਾਂ ਨੂੰ ਜਾਂਦਿਆਂ ਤਕਦਾ ਰਿਹਾ।