ਸਮੱਗਰੀ 'ਤੇ ਜਾਓ

ਪੰਨਾ:ਚੰਬੇ ਦੀਆਂ ਕਲੀਆਂ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੬)

ਕਿਸ਼ਤੀ ਤਾਂ ਨਹੀਂ। ਭਾਵੇਂ ਕੁਝ ਹੀ ਹੋਵੇ ਇਹ ਚੀਜ਼ ਜ਼ਰੂਰ ਸਾਡੇ ਹੀ ਪਿਛੇ ਆ ਰਹੀ ਹੈ।

ਪੰਡਤ ਜੀ ਨੂੰ ਪਤਾ ਨਾ ਲਗੇ ਕਿ ਇਹ ਕੀ ਚੀਜ਼ ਹੈ। ਨਾ ਉਹ ਬੇੜੀ ਸੀ, ਨਾ ਪੰਖੇਰੂ ਤੇ ਨਾ ਮਛੀ। ਆਦਮੀ ਨਾਲੋਂ ਜ਼ਿਆਦਾ ਵਡੀ ਹੈ, ਨਾਲੇ ਆਦਮੀ ਸਮੁੁੰਦਰ ਦੇ ਅਧ ਵਿਚ ਆ ਕਿਵੇਂ ਸਕਦਾ ਹੈ। ਇਉਂ ਸੋਚਦੇ ਹੋਏ ਪੰਡਤ ਜੀ ਨੇ ਇਕ ਜਹਾਜ਼ੀਏ ਨੂੰ ਪੁਛਿਆ:-

"ਵੇਖ ਮਿਤਰਾ, ਉਹ ਸਾਹਮਣੇ ਕੀ ਚੀਜ਼ ਆ ਰਹੀ ਏ?" ਪਰ ਇਹ ਗਲ ਅਜੇ ਪੰਡਤ ਦੇ ਮੂੰਹ ਵਿਚ ਹੀ ਸੀ ਕਿ ਦੋਵੇਂ ਚਕਿਤ ਰਹਿ ਗਏ। ਅਖਾਂ ਟਡ ਕੇ ਬਿਟ ਬਿਟ ਵੇਖਣ ਤੇ ਯਕੀਨ ਨਾ ਆਵੇ। ਸਾਹਮਣੇ, ਤਿੰਨੇ ਬੁਢੇ ਪਾਣੀ ਉਪਰ ਦੌੜਦੇ ਆ ਰਹੇ ਸਨ। ਉਨ੍ਹਾਂ ਦੇ ਦੁਧ ਵਰਗੇ ਚਿਟੇ ਦਾਹੜੇ ਤੇ ਬਰਫ਼ ਵਰਗੇ ਚਿਟੇ ਪੁਸ਼ਾਕੇ ਅਜਬ ਬਹਾਰ ਵਿਖਾਂਦੇ ਸਨ ਤੇ ਜਹਾਜ਼ ਵਲ ਇਉਂ ਤੇਜ਼ ਔਂਦੇ ਦਿਸਦੇ ਸਨ ਜਿਕੂੰ ਜਹਾਜ਼ ਖੜਾ ਹੋਇਆ ਹੋਵੇ।

ਪਤਾਰ ਵਾਲੇ ਨੇ ਆਪਣੀ ਪਤਾਰ ਛਡ ਦਿਤੀ ਤੇ ਕੰਬਦਾ ਹੋਇਆ ਆਖਣ ਲਗਾ: "ਹਾਏ ਰੱਬਾ, ਸਾਧੂ ਤਾਂ ਇਉਂ ਦੌੜਦੇ ਹਨ ਜੀਕੂੰ ਸੁਕੀ ਧਰਤੀ ਪਰ ਤੁਰੇ ਆਉਂਦੇ ਹਨ।"

ਸੁਤੇ ਹੋਏ ਮੁਸਾਫ਼ਰ ਉਸਦੀ ਗਲ ਸੁਣਕੇ ਜਾਗ ਪਏ ਤੇ ਡੈੱਕ ਉਪਰ ਆਕੇ ਦੇਖਣ ਲਗੇ। ਸਾਹਮਣੇ ਤਿੰਨੇ ਸਾਧੂ ਆ ਰਹੇ ਸਨ ਤੇ ਇਸ਼ਾਰਾ ਕਰਦੇ ਸਨ ਕਿ ਜਹਾਜ਼ ਨੂੰ ਠਹਿਰਾ ਲਓ। ਪੈਰ ਹਿਲਾਣ ਤੋਂ ਬਿਨਾਂ ਤਿੰਨੇ ਹੀ ਪਾਣੀ ਉਪਰ ਤਿਲਕੇ ਆਉਂਦੇ ਸਨ, ਜਹਾਜ਼ ਦੇ ਠਹਿਰਨ ਤੋਂ ਪਹਿਲਾਂ ਹੀ ਉਹ