ਪੰਨਾ:ਛੂਤ-ਛਾਤ ਵਿਰੁਧ ਜਥੇਬੰਦ ਯਤਨ.pdf/2

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੧ਓ ਸਤਿਗੁਰ ਪ੍ਰਸਾਦਿ।


ਜ਼ਾਤ ਪਾਤ ਦੀ ਵੰਡ:-

ਭਾਰਤ ਵਰਸ਼ ਨੂੰ ਵਰਨ ਆਸ਼ਰਮ ਦੀਆਂ ਵੰਡਾਂ ਤੇ ਜ਼ਾਤ ਪਾਤ ਦੇ ਝੰਬੇਲਿਆਂ ਨੇ ਜਿਤਨਾ ਕਮਜ਼ੋਰ ਕੀਤਾ ਹੈ ਇਤਨਾ ਸ਼ਾਇਦ ਹੀ ਕਿਸੇ ਹੋਰ ਚੀਜ਼ ਨੇ ਕੀਤਾ ਹੋਵੇ। ਬ੍ਰਾਹਮਣ ਨੇ ਸ਼ਾਸਤ੍ਰ ਦੇ ਡੰਡੇ ਦੇ ਜ਼ੋਰ ਨਾਲ ਮਨੁੱਖ-ਜਾਤੀ ਦੇ ਇਕ ਵੱਡੇ ਹਿੱਸੇ ਨੂੰ ਸ਼ੂਦਰ ਦਾ ਨਾਮ ਦੇਕੇ ਉਸ ਤੇ ਉਹ ਉਹ ਅਤਿਆਚਾਰ ਢਾਹੇ, ਜਿਹੜੇ ਕਿ ਕਥਨ ਤੋਂ ਬਾਹਰ ਹਨ। ਜਿਸ ਕਿਸੇ ਸੰਤ ਮਹਾਤਮਾ ਨੇ ਹਿੰਦੁਸਤਾਨ ਵਿਚ ਇਸ ਅਤਿਆਚਾਰ ਵਿਰੁੱਧ ਆਵਾਜ਼ ਉਠਾਈ ਉਸ ਦਾ ਜਾਤਅਭਿਮਾਨੀ ਨੇ ਡੱਟਕੇ ਮੁਕਾਬਲਾ ਕੀਤਾ ਤੇ ਉਸ ਦੀ ਕੋਈ ਗਲ ਨ ਚਲਣ ਦਿਤੀ। ਨਤੀਜਾ ਇਹ ਹੋਇਆ ਕਿ ਸਮਾਜ ਵਿਚ ਭਾਰੀ ਗਿਰਾਵਟ ਤੇ ਕਮਜ਼ੋਰੀ ਆ ਗਈ। ਬਾਹਰਲੇ ਮੁਸਲਮਾਨ ਜਾਬਰਾਂ ਨੇ ਇਸ ਕਮਜ਼ੋਰੀ ਦਾ ਫਾਇਦਾ ਉਠਾਂਦਿਆਂ ਇਸ ਦੇਸ਼ ਤੇ ਹਮਲਾ ਕਰਕੇ ਇਥੋਂ ਦੇ ਧਨ ਦੌਲਤ ਨੂੰ ਲੁਟਕੇ, ਇਥੋਂ ਦੀ ਇੱਜ਼ਤ ਆਬਰੂ ਨੂੰ ਪੈਰਾਂ ਹੇਠ ਲਿਤਾੜਕੇ, ਇਥੋਂ ਦੇ ਵਸਨੀਕਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਵਿਚ ਜਕੜ ਲਿਆ। ਮੁਸਲਮਾਨ ਦੀ ਸੈਂਕੜੇ ਸਾਲ ਦੀ ਗੁਲਾਮੀ ਨੇ ਇਸ ਦੇਸ਼ ਦੇ ਹਿੰਦੂ ਦੀ ਅਣਖ, ਭਾਈਚਾਰਕ ਖੁਲ੍ਹ ਤੇ ਰਾਜਸੀ ਆਜ਼ਾਦੀ ਤੋਂ ਭਾਰੀ ਸੱਟ ਮਾਰੀ। ਇਹ ਗਿਰਾਵਟ ਇਸ ਹੱਦ ਤਕ ਪਹੁੰਚ ਚੁੱਕੀ ਸੀ ਕਿ ਮੁਸਲਮਾਨ ਹਾਕਮ ਦੇ ਅਤਿਆਚਾਰਾਂ ਦਾ ਟਾਕਰਾ ਕਰਨਾ ਤਾਂ ਕਿਤੇ ਰਿਹਾ ਇਸ ਵਿਰੁੱਧ ਆਵਾਜ਼ ਉਠਾਣ ਦੀ ਵੀ ਉਨ੍ਹਾਂ ਵਿਚ ਸੱਤਾ ਨਹੀਂ ਸੀ ਰਹਿ ਗਈ। ਇਸ ਗੱਲ ਦੇ ਬਾਵਜੂਦ ਵੀ ਹਿੰਦੂ ਨੇ ਛੂਤ ਛਾਤ ਦਾ ਪੱਲਾ ਨ ਛਡਿਆ, ਮੁਸਲਮਾਨ ਦੀ ਸਖ਼ਤੀ ਦਾ ਕ੍ਰੋਧ ਵੀ ਉਸਨੇ ਸ਼ੂਦਰ ਤੇ ਹੀ ਕਢਣਾ ਸ਼ੁਰੂ ਕਰ ਦਿਤਾ।