ਪੰਨਾ:ਛੇ ਊਣੇ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਮਾਨ ਸਿੰਘ-(ਦੂਰੋਂ ਈਂ ਆਵਾਜ਼ਾਂ ਕੰਨ ਵਿਚ ਪੈਂਦਿਆਂ ਨੱਸਣ ਲੱਗਿਆਂ) ਚੰਗਾ ਤੂੰ ਜਾਣੀਂ! ਦੱਸੀਂ! ਵੇਖੂੰ ਤੇਰੀ ਮਾਂ ਨੂੰ!
ਰਤਨ ਦੇਵੀ-(ਛੇਤੀ ਨਾਲ ਡਾਕੂ ਵਲ ਵਧਕੇ ਤੇ ਓਹਦੀ ਵੀਣੀ ਫੜਕੇ ਬਿਜਲੀ ਵਾਂਗ ਕੜਕਦੀ ਹੋਈ) ਮਾਂ ਨੂੰ ਤਾਂ ਪਿਛੋਂ ਵੇਖੀਂ, ਪਹਿਲਾਂ ਧੀ ਨਾਲ ਦੋ ਹੱਥ ਕਰ ਵੇਖ!
ਮਾਨ ਸਿੰਘ-(ਪੂਰੇ ਜੋਸ਼ ਨਾਲ ਵੀਣੀ ਨੂੰ ਛੁਡਾਣ ਲਈ ਦੋ ਝਟਕੇ ਮਾਰਦਾ ਹੋਇਆ) "ਵੇਖੋ ਓਏ ਗਜ਼ਬ ਆ ਗਿਆ! ਭੇਡਾਂ ਨੇ ਤਾਂ ਮਸਤਣਾ ਸੀ, ਲੇਲੇ ਵੀ ਮਸਤ ਗਏ।"
ਰਤਨ ਦੇਵੀ- ਮਾਂ ਨੇ ਜਣਿਐਂ ਤਾਂ ਵੀਣੀ ਛੁਡਾ ਲੈ। ਬੋਲਣ ਦੀ ਲੋੜ ਨੀ।
ਮਾਨ ਸਿੰਘ-(ਲੋਕਾਂ ਦੀਆਂ ਅਵਾਜ਼ਾਂ ਹੋਰ ਨੇੜੇ ਸੁਣ ਕੇ ਜ਼ੋਰ ਨਾਲ ਤੀਜਾ ਝਟਕਾ ਮਾਰਦਾ ਹੋਇਆ) ਲੋਹੜਾ ਆ ਗਿਆ, ਬਈ! ਬੜੀ ਤਕੜੀ ਕੁੜੀ ਐ! ਨਹੀਂ ਛਡਦੀ?
ਰਤਨ ਦੇਵੀ-ਨਹੀਂ ਛਡਦੀ! ਮਾਂ ਦਾ ਦੁੱਧ ਪੀਤੈ, ਤਾਂ ਛੁਡਾ ਲੈ, ਮੇਰੀ ਮਾਂ ਦੀ ਕੁੱਖ ਦੀ ਅਣਖ ਤੈਂ ਵੇਖ ਈ ਲਈ?
ਮਾਨ ਸਿੰਘ-(ਲੋਕਾਂ ਦਾ ਰੌਲਾ ਬਹੁਤ ਹੀ ਨੇੜੇ ਸੁਣਕੇ ਘਬਰਾਉਂਦਾ ਹੋਇਆ) ਰਤਨ ਦੇਵੀ! ਮੈਂ ਦੂਜਾ ਹੱਥ ਤੇਰੇ ਸਰੀਰ ਦੇ ਹੋਰ ਅੰਗਾਂ ਨੂੰ ਨਹੀਂ ਲੌਣਾ ਚਾਹੁੰਦਾ। ਤੂੰ ਮੇਰੀ ਧਰਮ ਦੀ ਭੈਣ ਐਂ। ਚਾਹੇ ਮਰਵਾ, ਚਾਹੇ ਬਚਾ!
ਰਤਨ ਦੇਵੀ-ਜਾਹ ਵੀਰਾ, 'ਤਾਤੀ ਵਾਉ ਨ ਲਾਗਈ ਪਾਰਬ੍ਰਹਮ ਸਰਣਾਈ'! (ਵੀਣੀ ਨੂੰ ਛਡਦੀ ਹੋਈ) ਪਰ ਅੱਗੇ ਲਈ ਇਨਸਾਨ ਬਣ!
੧੦