ਪੰਨਾ:ਜਲ ਤਰੰਗ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਦਨਾਮ ਹੋ ਗਿਆ ਹਾਂ

ਦਿਲ ਵਿਚ ਦਰਦ ਲੈ ਕੇ, ਅਖੀਆਂ ’ਚੋਂ ਕੇਰ ਹੰਝੂ!
ਪੱਥਰ-ਦਿਲਾਂ ਦੇ ਅੱਗੇ, ਕਰ ਕਰ ਕੇ ਢੇਰ ਹੰਝੂ!
ਇਕ ਦਾ ਮੈਂ ਬਣਦਾ ਬਣਦਾ
ਅਜ ਆਮ ਹੋ ਗਿਆ ਹਾਂ!
ਬਦਨਾਮ ਹੋ ਗਿਆ ਹਾਂ!

ਧੋਦਾ ਸਾਂ ਗੰਦਗੀ ਨੂੰ, ਮੈਂ ਗੰਦ ਕੋਲ ਬਹਿ ਕੇ!
ਚਿੱਕੜ ਛੁਡਾ ਰਿਹਾ ਸਾਂ, ਚਿੱਕੜ ਦੇ ਵਿੱਚ ਰਹਿ ਕੇ!
ਹੀਰਾ ਸਾਂ, ਚਮਕਦਾ ਹੀ
ਬੇਦਾਮ ਹੋ ਗਿਆ ਹਾਂ!
ਬਦਨਾਮ ਹੋ ਗਿਆ ਹਾਂ!

ਪੰਛੀ ਨੂੰ ਪਿੰਜਰੇ 'ਚੋਂ, ਆ ਕੇ ਉਡਾਣ ਲੱਗਾ!
ਮੈਂ ਤੋੜ ਤੋੜ ਸੀਖਾਂ, ਕੈਦੀ ਛੁਡਾਣ ਲੱਗਾ!
ਆਜ਼ਾਦੀਆਂ ਦਾ ਆਸ਼ਕ
ਬੇ-ਧਾਮ ਹੋ ਗਿਆ ਹਾਂ!
ਬਦਨਾਮ ਹੋ ਗਿਆ ਹਾਂ!

ਦੇਂਦਾ ਰਿਹਾ ਦਿਲਾਸਾ, ਭੌਰਾਂ ਦੇ ਕੋਲ ਜਾ ਕੇ!
ਚੰਮਦਾ ਰਿਹਾ ਮੈਂ ਮੁਖੜਾ, ਕਲੀਆਂ ਦਾ ਦੁਖ ਵੰਡਾ ਕੇ!
ਜੀਵਨ-ਪ੍ਰਭਾਤ ਦਸਦਾ
ਮੈਂ ਸ਼ਾਮ ਹੋ ਗਿਆ ਹਾਂ!
ਬਦਨਾਮ ਹੋ ਗਿਆ ਹਾਂ!

-੭੬-