ਪੰਨਾ:ਜਲ ਤਰੰਗ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੈਂ ਗੀਤ ਝਨਾ ਦੇ ਗਾਂਦਾ ਹਾਂ

ਮੈਂ ਸੁੱਤੀ ਹੀਰ ਜਗਾਂਦਾ ਹਾਂ,
ਸੋਹਣੀ ਨੂੰ ਪਿਆ ਬੁਲਾਂਦਾ ਹਾਂ,
ਆਸ਼ਕ ਦੀ ਵੰਝਲੀ ਬਣ ਬਣ ਕੇ
ਮੈਂ ਸੱਦ ਇਲਾਹੀ ਲਾਂਦਾ ਹਾਂ!
ਮੈਂ ਗੀਤ ਝਨ ਦੇ ਗਾਂਦਾ ਹਾਂ!

ਦਿਲ ਅੰਦਰ ਉਠਣ ਉਛਾਲ ਵਲੇ!
ਸੀਨੇ ਵਿਚ ਉਠਣ ਭੁਚਾਲ ਵਲੇ!
ਅਖੀਆਂ 'ਚੋਂ ਵਗਣ ਉਬਾਲ ਵਲੇ!
ਦਰਦਾਂ ਦੀ ਕਸਕ ਸੁਣਾਂਦਾ ਹਾਂ!
ਮੈਂ ਗੀਤ ਝਨਾ ਦੇ ਗਾਂਦਾ ਹਾਂ!

ਲਹਿਰਾਂ ਨੂੰ ਪਈਆਂ ਗ਼ਸ਼ੀਆਂ ਨੀ,
ਅਜ ਕਲਵਲ ਕਲਵਲ ਮਛੀਆਂ ਨੀ,
ਗਹਿਰਾਈਆਂ ਅੰਦਰੋਂ ਪਛੀਆਂ ਨੀ!
ਮੈਂ ਦਿਲ ਦੇ ਜ਼ਖ਼ਮ ਦਿਖਾਂਦਾ ਹਾਂ!
ਮੈਂ ਗੀਤ ਝਨਾ ਦੇ ਗਾਂਦਾ ਹਾਂ!

-੮੦-