ਪੰਨਾ:ਜਲ ਤਰੰਗ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਧੀ ਅਧੀ ਰਾਤੀਂ

ਅਧੀ ਅਧੀ ਰਾਤੀਂ ਸੁਣਿਆ ਮੈਂ ਸ਼ੋਰ ਨੀ,
ਕਿਸ਼ਨਗੜ੍ਹ ਵਾਲੇ ਕਿਸਾਨਾਂ ਬੇਜ਼ਬਾਨਾਂ ਦਾ!
ਅਧੀ ਅਧੀ ਰਾਤੀਂ ਦੇਖਿਆ ਮੈਂ ਨਾਚ ਨੀ,
ਨੰਗੀਆਂ ਕੁਆਰੀਆਂ ਦੇ ਉਠ ਰਹੇ ਤੁਫ਼ਾਨਾਂ ਦਾ!
ਅਧੀ ਅਧੀ ਰਾਤੀਂ ਸੁਣਿਆ ਮੈਂ ਰਾਗ ਨੀ,
ਕਿਰਤੀ ਦੀ ਛਾਤੀ ਵਿਚ ਗੋਲੀ ਦੇ ਨਿਸ਼ਾਨਾਂ ਦਾ!
ਅਧੀ ਅਧੀ ਰਾਤੀਂ ਦੇਖਿਆ ਮੈਂ ਰੰਗ ਨੀ,
ਜ਼ਾਲਮਾਂ ਦੀ ਤੇਗ ਤੇ ਸ਼ਹੀਦ ਨੌਜਵਾਨਾਂ ਦਾ!
ਅਧੀ ਅਧੀ ਰਾਤੀਂ ਵੇਖਿਆ ਮੈਂ ਰੂਪ ਨੀ,
ਰੋਟੀ ਪਿਛੇ ਵਿਕਦਾ ਕੁਆਰੇ ਅਰਮਾਨਾਂ ਦਾ!
ਅਧੀ ਅਧੀ ਰਾਤੀਂ ਦੇਖਿਆ ਮੈਂ ਖੇਲ ਨੀ,
ਖ਼ਾਲੀ ਢਿਡ ਗੋਲੀ ਖਾਂਦੇ ਭੁੱਖੇ ਇਨਸਾਨਾਂ ਦਾ!

ਤੜਕੇ ਸਵੇਰਸਾਰ ਦੇਖਿਆ ਮੈਂ ਖ਼ਾਬ ਨੀ,
ਲਾਲ ਲਾਲ ਉਠੀਆਂ ਹਨੇਰੀਆਂ ਤੁਫ਼ਾਨਾਂ ਦਾ!
ਸੂਰਜ ਦੀ ਟਿੱਕੀ ਨਾਲ ਦੇਖਿਆ ਮੈਂ ਬਾਹਰਵਾਰ-
ਚੀਨ ਦੇਸ ਬਣਿਆ ਸਵਰਗ ਇਨਸਾਨਾਂ ਦਾ!
ਐਧਰ ਜਾਂ ਪਰਤੀ ਤਾਂ ਕੌਤਕ ਅਜੀਬ ਡਿੱਠਾ-
ਹਸ ਹਸ ਨੱਚੇ ਹਰ ਜੀਵ ਤਿਲੰਗਾਨਾ ਦਾ!
ਦਿਲ ਮੇਰੇ ਆਖਿਆ, ਨੀ ਉਠ ਕੇ ਤਿਆਰ ਹੋ!
ਜੁਗ ਆਇਆ ਅਜ ਮਜ਼ਦੂਰਾਂ ਕਿਰਸਾਨਾਂ ਦਾ!

-੮੪-