ਪੰਨਾ:ਜਲ ਤਰੰਗ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਉਹਲੇ ਨਾ ਹੋ!

ਮੈਂ ਵੇਖ ਲਿਆ, ਮੈਂ ਤੱਕ ਲਿਆ,
ਪਲਕਾਂ ਵਿਚ ਤੈਨੂੰ ਢੱਕ ਲਿਆ,
ਮੈਂ ਦਿਲ ਦੇ ਵਿੱਚ ਬਿਠਾ ਲੀਤਾ,
ਲੋਕਾਂ ਤੋਂ ਪਰਦਾ ਪਾ ਲੀਤਾ,
ਤੂੰ ਸੰਙ ਗਈ, ਹਾਇ ਲੁਕਣ ਲਗੀ,
ਮੇਰੇ ਦਿਲ ਨੂੰ ਪੈਂਦੀ ਖੋਹ ਸਜਣੀ!
ਨਾ ਕੁੜੀਆਂ ਉਹਲੇ ਹੋ ਸਜਣੀ!

ਤੂੰ ਲੁਕ ਲੁਕ ਝਾਤੀਆਂ ਮਾਰ ਰਹੀ,
ਦਿਲ ਮੇਰਾ ਕਿਣ ਮਿਣ ਠਾਰ ਰਹੀ,
ਤੂੰ ਸਾਹਵੇਂ ਮੇਰੇ ਹੋ ਸਜਣੀ,
ਜਦ ਅਸੀਂ ਰਹੇ ਨਹੀਂ ਦੋ ਸਜਣੀ,
ਫਿਰ ਕਿਸ ਤੋਂ ਕਰੋਂ ਲਕੋ ਸਜਣੀ?
ਨਾ ਕੁੜੀਆਂ ਉਹਲੇ ਹੋ ਸਜਣੀ!

ਜਦ ਨਜ਼ਰਾਂ ਸਾਡੀਆਂ ਮਿਲੀਆਂ ਸਨ,
ਉਨ੍ਹਾਂ ਗੱਲਾਂ ਕੀਤੀਆਂ ਦਿਲ ਦੀਆਂ ਸਨ,
ਤੂੰ ਗੀਤ ਜੋ ਲੁਕ ਲੁਕ ਗਾਏ ਸੀ,
ਮੈਂ ਤੈਨੂੰ ਬੁਝ ਦਿਖਾਏ ਸੀ।
ਤੂੰ ਪੁਛਿਆ, “ਕੀਕਰ ਬੁਝ ਲਏ?”
ਮੈਂ ਆਖਿਆ, “ਦਿਲ ਨੂੰ ਟੋਹ ਸਜਣੀ!
“ਨਾ ਕੁੜੀਆਂ ਉਹਲੇ ਹੋ ਸਜਣੀ!”

-੮੬-