ਪੰਨਾ:ਜਲ ਤਰੰਗ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਤੋਂ ਬਾਗੀ ਹੋਇਆ ਫਿਰਦੈ
ਘਰਦਿਆਂ ਦੀ ਨਹੀਂ ਲੈਂਦਾ ਸਾਰ
ਸਕਿਆਂ ਨੂੰ ਵੀ ਦੇਂਦੈ ਮਾਰ
ਬੁਧੀ ਐਸੀ ਭ੍ਰਸ਼ਟ ਹੋਈ ਏ
ਘਰ ਦੀ ਇੱਜ਼ਤ ਨਸ਼ਟ ਹੋਈ ਏ
ਕਿਹੜਾ ਇਹਨਾ ਨੂੰ ਸਮਝਾਵੇ
ਹੁਣ ਤੇ ਰਬ ਹੀ ਲਾਜ ਬਚਾਵੇ!

ਇਉਂ ਸੀ ਗੱਡਾ ਤੁਰਿਆ ਜਾਂਦਾ
ਖਿਝਦਾ, ਕ੍ਰਿਝਦਾ ਤੇ ਕੁਰਲਾਂਦਾ
ਸਾਰੇ ਜਗ ਨੂੰ ਘੂਰ ਰਿਹਾ ਸੀ
ਤੇ ਕਿਸਮਤ ’ਤੇ ਝੂਰ ਰਿਹਾ ਸੀ
ਰੇਲਾਂ ਓਵੇਂ ਲੰਘਦੀਆਂ ਗਈਆਂ
ਲਾਰੀਆਂ ਓਵੇਂ ਵਗਦੀਆਂ ਗਈਆਂ
ਸੈਕਲ ਓਵੇਂ ਦੌੜਾਂ ਲਾਵਣ
’ਵਾਈ ਜ੍ਹਾਜ਼ ਵੀ ਉਡਦੇ ਜਾਵਣ
ਗੱਡੇ ਲਾਗੇ ਕੋਈ ਨ ਆਇਆ
ਕਿਸੇ ਨੇ ਉਸ ਦਾ ਦੁੱਖ ਵੰਡਾਇਆ!

ਸਮੇਂ ਨਾਲ ਨਹੀਂ ਜਿਹੜਾ ਚਲਦਾ
ਓਹੋ ਆਖ਼ਰ ਦੁਖ ਹੈ ਝਲਦਾ
ਦਿਲ ਵਿਚ ਰਹਿੰਦਾ ਸੜਦਾ ਲੁਛਦਾ
ਕੋਈ ਉਸ ਦੀ ਵਾਤ ਨਹੀਂ ਪੁਛਦਾ
ਚਾਲ ਸਮੇਂ ਦੀ ਵੱਧ ਰਹੀ ਹੈ।
ਸਾਰੇ ਜਗ ਨੂੰ ਸੱਦ ਰਹੀ ਹੈ।

-੯੪-